ਦੇਸ਼ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਆਇਆ ਉਛਾਲ, ਕਰੀਬ 3 ਗੁਣਾ ਵਧਿਆ ਮੌਤ ਦਾ ਅੰਕੜਾ
Saturday, Oct 23, 2021 - 11:22 AM (IST)
ਨਵੀਂ ਦਿੱਲੀ- ਕੋਰੋਨਾ ਦਾ ਕਹਿਰ ਮੁੜ ਵਧਦਾ ਦਿਖਾਈ ਦੇ ਰਿਹਾ ਹੈ। ਦੇਸ਼ ’ਚ ਇਕ ਦਿਨ ’ਚ ਕੋਰੋਨਾ ਨਾਲ 666 ਮਰੀਜ਼ਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ 4,53,708 ’ਤੇ ਪਹੁੰਚ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 1,73,728 ਹੋ ਗਈ ਹੈ, ਜੋ 223 ਦਿਨਾਂ ’ਚ ਸਭ ਤੋਂ ਘੱਟ ਹੈ। ਇਕ ਦਿਨ ’ਚ ਕਰੀਬ ਤਿੰਨ ਗੁਣਾ ਮੌਤ ਦਾ ਅੰਕੜਾ ਵੱਧ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਸਵੇਰੇ 8 ਵਜੇ ਜਾਰੀ ਅੰਕੜਿਆਂ ਅਨੁਸਾਰ, ਸੰਕਰਮਣ ਦੇ ਇਕ ਦਿਨ ’ਚ 16,326 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 3,41,59,56 ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਰੋਜ਼ ਆਉਣ ਵਾਲੇ ਨਵੇਂ ਮਾਮਲੇ ਲਗਾਤਾਰ 29ਵੇਂ ਦਿਨ 30 ਹਜ਼ਾਰ ਤੋਂ ਘੱਟ ਹਨ ਅਤੇ ਹੁਣ ਲਗਾਤਾਰ 118ਵੇਂ ਦਿਨ 50 ਹਜ਼ਾਰ ਤੋਂ ਘੱਟ ਹਨ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 1,73,728 ਰਹਿ ਗਈ ਹੈ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 0.51 ਫੀਸਦੀ ਹੈ, ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 98.16 ਫੀਸਦੀ ਦਰਜ ਕੀਤੀ ਗਈ, ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਵੱਧ ਹੈ।
ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 2,017 ਮਾਮਲਿਆਂ ਦੀ ਕਮੀ ਆਈ ਹੈ। ਸ਼ੁੱਕਰਵਾਰ ਨੂੰ ਸੰਕਰਮਣ ਲਈ 13,64,681 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਸ ਦੇ ਨਾਲ ਹੀ ਹੁਣ ਤੱਕ ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 59,84,31,162 ਦਰਜ ਕੀਤੀ ਗਈ ਹੈ। ਸੰਕਰਮਣ ਦੀ ਰੋਜ਼ਾਨਾ ਦਰ 1.20 ਫੀਸਦੀ ਦਰਜ ਕੀਤੀ ਗਈ ਅਤੇ ਹਫ਼ਤਾਵਾਰ ਸੰਕਰਮਣ ਦਰ ਵੀ 1.24 ਫੀਸਦੀ ਰਹੀ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 3,35,32,126 ਹੋ ਗਈ ਹੈ, ਜਦੋਂ ਕਿ ਮੌਤ ਦਰ 1.33 ਫੀਸਦੀ ਦਰਜ ਕੀਤੀ ਗਈ। ਦੇਸ਼ਵਿਆਪੀ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦੇ ਅਧੀਨ 101.30 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ