ਸੀਵਰੇਜ ਦੇ ਟੋਏ ''ਚ ਕੰਮ ਕਰਦੇ ਮਜ਼ਦੂਰਾਂ ''ਤੇ ਡਿੱਗੀ ਕੰਧ ! 3 ਦੀ ਦਰਦਨਾਕ ਮੌਤ, ਕਈ ਹੋਰ ਜ਼ਖ਼ਮੀ

Monday, Jun 29, 2026 - 06:07 PM (IST)

ਸੀਵਰੇਜ ਦੇ ਟੋਏ ''ਚ ਕੰਮ ਕਰਦੇ ਮਜ਼ਦੂਰਾਂ ''ਤੇ ਡਿੱਗੀ ਕੰਧ ! 3 ਦੀ ਦਰਦਨਾਕ ਮੌਤ, ਕਈ ਹੋਰ ਜ਼ਖ਼ਮੀ

ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੀ ਰਾਜਧਾਨੀ ਜੈਪੁਰ ਦੇ ਚੰਦਵਾਜੀ (ਆਮੇਰ) ਇਲਾਕੇ 'ਚ ਸੋਮਵਾਰ ਨੂੰ ਇੱਕ ਨਿਰਮਾਣ ਅਧੀਨ ਸੈਪਟਿਕ ਟੈਂਕ ਦੀ ਕੰਧ ਅਚਾਨਕ ਢਹਿ ਗਈ, ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇੱਕ ਦਰਜਨ ਦੇ ਕਰੀਬ ਹੋਰ ਮਜ਼ਦੂਰ ਜ਼ਖ਼ਮੀ ਹੋ ਗਏ।

ਜੈਪੁਰ (ਦਿਹਾਤੀ) ਦੇ ਐਡੀਸ਼ਨਲ ਪੁਲਸ ਸੁਪਰਡੈਂਟ ਰਣਵੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਜ਼ਦੂਰ ਸੀਵਰੇਜ ਦੇ ਟੋਏ ਵਿੱਚ ਕੰਮ ਕਰ ਰਹੇ ਸਨ। ਉਸੇ ਵੇਲੇ ਅਚਾਨਕ ਕੰਧ ਢਹਿ ਗਈ ਅਤੇ ਕੰਮ ਕਰ ਰਹੇ ਮਜ਼ਦੂਰ ਮਲਬੇ ਹੇਠਾਂ ਦਬ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਦੋ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਤੀਜੇ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਰਿੰਕੂ (35), ਸਵਿਤਾ (39) ਅਤੇ ਰਾਮਜੀ (40) ਵਜੋਂ ਹੋਈ ਹੈ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਚੰਦਵਾਜੀ ਥਾਣਾ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਅਤੇ ਮਲਬਾ ਹਟਾ ਕੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਸੰਸਦੀ ਮਾਮਲਿਆਂ ਦੇ ਮੰਤਰੀ ਜੋਗਾਰਾਮ ਪਟੇਲ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾ ਕਿਸ ਦੀ ਲਾਪ੍ਰਵਾਹੀ ਕਾਰਨ ਵਾਪਰੀ ਹੈ, ਇਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ।

ਸੂਬੇ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮੇਰ ਖੇਤਰ ਵਿੱਚ ਵਾਪਰਿਆ ਇਹ ਹਾਦਸਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਤੁਰੰਤ ਅਤੇ ਵਧੀਆ ਇਲਾਜ ਦੇ ਨਿਰਦੇਸ਼ ਦਿੱਤੇ ਹਨ।


author

Harpreet SIngh

Content Editor

Related News