ਵਿਆਹ ਤੋਂ ਪਰਤਦੇ ਸਮੇਂ ਵਾਪਰ ਗਿਆ ਭਿਆਨਕ ਹਾਦਸਾ ! ਭੈਣ-ਭਰਾ ਦੀ ਮੌਤ, ਜੀਜਾ ਗੰਭੀਰ ਜ਼ਖ਼ਮੀ
Sunday, Apr 26, 2026 - 06:00 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਰੈਨੀ ਥਾਣਾ ਖੇਤਰ ਵਿੱਚ ਐਤਵਾਰ ਨੂੰ ਇੱਕ ਬੁਲੇਟ ਮੋਟਰਸਾਈਕਲ ਅਤੇ ਬੇਕਾਬੂ ਸਕਾਰਪੀਓ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਭੈਣ-ਭਰਾ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਲੜਕੀ ਦਾ ਪਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਹਾਦਸੇ ਤੋਂ ਬਾਅਦ ਸਕਾਰਪੀਓ ਸੜਕ ਕਿਨਾਰੇ ਖੱਡ 'ਚ ਜਾ ਡਿੱਗੀ, ਜਦਕਿ ਉਸ 'ਚ ਸਵਾਰ ਲੋਕ ਮੌਕੇ ਤੋਂ ਫ਼ਰਾਰ ਹੋ ਗਏ।
ਮ੍ਰਿਤਕਾਂ ਦੀ ਪਛਾਣ ਅਜੇ ਰਾਜਪੂਤ (24) ਅਤੇ ਉਸ ਦੀ ਭੈਣ ਪ੍ਰਭਾ (20), ਵਾਸੀ ਕਾਲਿੰਜਰ ਕਸਬਾ, ਬਾਂਦਾ ਵਜੋਂ ਹੋਈ ਹੈ। ਰਾਕੇਸ਼ (23), ਜੋ ਕਿ ਪ੍ਰਭਾ ਦਾ ਪਤੀ ਹੈ, ਗੰਭੀਰ ਹਾਲਤ 'ਚ ਜ਼ਖ਼ਮੀ ਹੈ ਤੇ ਉਸ ਦਾ ਇਲਾਜ ਮੈਡੀਕਲ ਕਾਲਜ ਵਿੱਚ ਜਾਰੀ ਹੈ। ਜਾਣਕਾਰੀ ਅਨੁਸਾਰ ਅਜੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਤਰਰਾ ਇਲਾਕੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ। ਐਤਵਾਰ ਨੂੰ ਜਦੋਂ ਉਹ ਬੁਲੇਟ 'ਤੇ ਵਾਪਸ ਆ ਰਹੇ ਸਨ, ਤਾਂ ਪੜਮਈ ਪਿੰਡ ਦੇ ਨੇੜੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਨਰੈਨੀ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਜੇ ਰਾਜਪੂਤ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਭਾ ਅਤੇ ਰਾਕੇਸ਼ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਪ੍ਰਭਾ ਨੇ ਵੀ ਦਮ ਤੋੜ ਦਿੱਤਾ।
ਪੁਲਸ ਸੂਤਰਾਂ ਅਨੁਸਾਰ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਹਾਦਸਾਗ੍ਰਸਤ ਸਕਾਰਪੀਓ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਫ਼ਰਾਰ ਚਾਲਕ ਤੇ ਹੋਰ ਸਵਾਰਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
