ਬਦਰੀਨਾਥ-ਕੇਦਾਰਨਾਥ 'ਚ ਡਿਜੀਟਲ ਦਾਨ ਦੀ ਵੱਡੀ ਧੋਖਾਦੇਹੀ, ਮੰਦਰ ਦੇ ਸਾਹਮਣੇ ਲੱਗਾ QR ਕੋਡ ਕਮੇਟੀ ਦਾ ਨਹੀਂ
Monday, May 01, 2023 - 10:04 AM (IST)
ਦੇਹਰਾਦੂਨ (ਬਿਊਰੋ)- ਬਦਰੀਨਾਥ ਅਤੇ ਕੇਦਾਰਨਾਥ ਮੰਦਰਾਂ ਵਿਚ ਡਿਜੀਟਲ ਦਾਨ ਦੀ ਵੱਡੀ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਮੰਦਰਾਂ ਦੇ ਸਾਹਮਣੇ ਹੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੇ.ਟੀ.ਐੱਮ. ਕਿਊ ਆਰ ਕੋਡ ਦਾ ਇਕ ਬੋਰਡ ਲਗਾਇਆ ਗਿਆ ਸੀ, ਜਿਸ ਵਿਚ ਡਿਜੀਟਲ ਦਾਨ ਲਈ ਅਪੀਲ ਕੀਤੀ ਗਈ ਸੀ। ਹੈਰਾਨੀ ਦੀ ਗੱਲ ਹੈ ਕਿ ਇਹ ਕਿਊ.ਆਰ. ਕੋਡ ਨਾਲ ਲਿੰਕ ਕੀਤਾ ਬੈਂਕ ਖਾਤਾ ਮੰਦਰ ਕਮੇਟੀ ਦਾ ਨਹੀਂ ਸੀ। ਇਸ ਘਟਨਾ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮੰਦਰ ਕਮੇਟੀ ਨੇ ਇਸ ਮਾਮਲੇ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਪੁਲਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਿਊ. ਆਰ. ਕੋਡ ਨਾਲ ਕਿਸਦਾ ਖਾਤਾ ਲਿੰਕ ਕੀਤਾ ਗਿਆ ਸੀ ਅਤੇ ਹੁਣ ਤੱਕ ਇਸ ਵਿਚ ਕਿੰਨੇ ਪੈਸੇ ਜਮ੍ਹਾ ਹੋਏ ਸਨ।
ਇਹ ਪੂਰਾ ਘਟਨਾਕ੍ਰਮ ਬਦਰੀਨਾਥ ਅਤੇ ਕੇਦਾਰਨਾਥ ਮੰਦਰ ਦੇ ਬਿਲਕੁਲ ਸਾਹਮਣੇ ਲੱਗੇ ਪੇ. ਟੀ. ਐੱਮ. ਕਿਊ ਆਰ ਕੋਡ ਨਾਲ ਸਬੰਧਤ ਹੈ । ਇਸ ਵਿਚ ਦਾਨੀ ਸੱਜਣਾਂ ਨੂੰ ਡਿਜੀਟਲ ਦਾਨ ਕਰਨ ਦੀ ਅਪੀਲ ਕੀਤੀ ਗਈ ਹੈ। ਪਹਿਲੀ ਨਜ਼ਰ ਨਾਲ ਲੱਗਦਾ ਹੈ ਕਿ ਇਹ ਚੰਦਾ ਮੰਦਰ ਕਮੇਟੀ ਦੇ ਖਾਤੇ ਵਿਚ ਜਾਵੇਗਾ ਪਰ ਐਤਵਾਰ ਨੂੰ ਚੇਅਰਮੈਨ ਅਜੇਂਦਰ ਅਜੈ ਨੇ ਇਹ ਸਪੱਸ਼ਟ ਕੀਤਾ ਹੈ ਕਿ ਮੰਦਰ ਕਮੇਟੀ ਆਪਣੇ ਕੰਮ ਵਿਚ ਪੇ.ਟੀ.ਐੱਮ. ਦੀ ਵਰਤੋਂ ਨਹੀਂ ਕਰਦੀ ਹੈ।