ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਾਰੇ ਕਰ ਸਕਣਗੇ ਬਾਬਾ ਕੇਦਾਰ ਦੇ ਗਰਭਗ੍ਰਹਿ ਦੇ ਦਰਸ਼ਨ

Tuesday, May 21, 2024 - 06:10 PM (IST)

ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਾਰੇ ਕਰ ਸਕਣਗੇ ਬਾਬਾ ਕੇਦਾਰ ਦੇ ਗਰਭਗ੍ਰਹਿ ਦੇ ਦਰਸ਼ਨ

ਰੁਦਰਪ੍ਰਯਾਗ/ਦੇਹਰਾਦੂਨ- ਕੇਦਾਰਨਾਥ 'ਚ ਮੰਗਲਵਾਰ ਤੋਂ ਸਾਰੇ ਤੀਰਥ ਯਾਤਰੀਆਂ ਨੂੰ ਗਰਭਗ੍ਰਹਿ 'ਚ ਜਾ ਕੇ ਬਾਬਾ ਕੇਦਾਰ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਸੋਮਵਾਰ ਨੂੰ ਕੇਦਾਰਨਾਥ 'ਚ ਪ੍ਰਸ਼ਾਸਨ ਤੇ ਬੀ.ਕੇ.ਟੀ.ਸੀ. ਦੇ ਅਫਸਰਾਂ ਦੀ ਤੀਰਥ ਦੇ ਪੁਜਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਹਾਲੇ ਤੱਕ ਯਾਤਰੀਆਂ ਦੀ ਜ਼ਿਆਦਾ ਭੀੜ ਨੂੰ ਦੇਖਦੇ ਹੋਏ ਗਰਭਗ੍ਰਹਿ ਦੀ ਬਜਾਏ ਸਭਾ ਮੰਡਪ ਤੋਂ ਹੀ ਦਰਸ਼ਨ ਕਰਵਾਏ ਜਾ ਰਹੇ ਸਨ। ਉਧਰ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਮਵਾਰ ਨੂੰ ਚਾਰਧਾਮ ਯਾਤਰਾ ਨੂੰ ਲੈ ਕੇ ਸਕੱਤਰੇਤ 'ਚ ਮੀਟਿੰਗ ਕੀਤੀ। ਇਸ ਵਿਚ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ। 

ਕੇਦਾਰਨਾਥ 'ਚ ਤੀਰਥ ਦੇ ਪੁਜਾਰੀਆਂ ਨੇ ਸੋਮਵਾਰ ਨੂੰ ਜਿੱਥੇ ਵੀ.ਆਈ.ਪੀ. ਦਰਸ਼ਨਾਂ ਦਾ ਵਿਰੋਧ ਕੀਤਾ, ਉਥੇ ਸਾਰੇ ਯਾਤਰੀਆਂ ਨੂੰ ਸਮਾਨ ਰੂਪ ਨਾਲ ਗਰਭਗ੍ਰਹਿ 'ਚ ਦਰਸ਼ਨ ਕਰਨ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਗਈ। ਇਸ 'ਤੇ ਕੇਦਾਰਨਾਥ ਯਾਤਰਾ ਮੈਜਿਸਟ੍ਰੇਟ ਅੰਸ਼ੁਲ ਸਿੰਘ ਅਤੇ ਬੀ.ਕੇ.ਟੀ.ਸੀ. ਦੇ ਕਾਰਜਕਾਰੀ ਅਧਿਕਾਰੀ ਆਰਸੀ ਤਿਵਾੜੀ ਨੇ ਡੀ.ਐੱਮ. ਨਾਲ ਗੱਲਬਾਤ ਤੋਂ ਬਾਅਦ ਸਾਰੇ ਸ਼ਰਧਾਲੂਆਂ ਨੂੰ ਗਰਭਗ੍ਰਹਿ 'ਚ ਜਾ ਕੇ ਦਰਸ਼ਨ ਕਰਵਾਏ ਜਾਣ ਦਾ ਫ਼ੈਸਲਾ ਲਿਆ। 

ਇਸ ਵਾਰ ਕੇਦਾਰਨਾਥ 'ਚ ਵੱਡੀ ਗਿਣਤੀ 'ਚ ਤੀਰਥ ਯਾਤਰੀ ਪਹੁੰਚ ਰਹੇ ਹਨ। ਇੱਥੇ ਰੋਜ਼ 30 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਦਰਸ਼ਨ ਕਰ ਰਹੇ ਹਨ। ਇਸ ਕਾਰਨ ਬੀਕੇਟੀਸੀ ਤੇ ਪ੍ਰਸ਼ਾਸਨ ਨੇ ਗਰਭਗ੍ਰਹਿ ਦੀ ਬਜਾਏ ਸਭਾ ਮੰਡਪ ਤੋਂ ਦਰਸ਼ਨ ਕਰਵਾਉਣ ਦੀ ਵਿਵਸਥਾ ਲਾਗੂ ਕੀਤੀ ਸੀ। ਆਰਸੀ ਤਿਵਾੜੀ ਨੇ ਦੱਸਿਆ ਕਿ ਮੰਗਲਵਾਰ ਤੋਂ ਸਾਰੇ ਯਾਤਰੀਆਂ ਨੂੰ ਸਮਾਨ ਮੰਨਦੇ ਹੋਏ ਗਰਭਗ੍ਰਹਿ 'ਚ ਜਾ ਕੇ ਦਰਸ਼ਨ ਕਰਵਾਏ ਜਾਣਗੇ। 


31 ਮਈ ਤੱਕ ਰੋਕ, ਹਾਲੇ 19 ਮਈ ਤੱਕ ਸੀ ਬੰਦਿਸ਼

ਦੇਹਰਾਦੂਨ : ਚਾਰਧਾਮ ਯਾਤਰਾ ਦੀ ਆਫਲਾਈਨ ਰਜਿਸਟ੍ਰੇਸ਼ਨ 'ਤੇ ਰੋਕ 31 ਮਈ ਤਕ ਵਧਾ ਦਿੱਤੀ ਗਈ ਹੈ। ਸੋਮਵਾਰ ਨੂੰ ਸਕੱਤਰੇਤ 'ਚ ਯਾਤਰਾ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਦੇ ਨਿਰਦੇਸ਼ ਦਿੱਤੇ। ਹਾਲੇ ਤੱਕ ਇਹ ਬੰਦਿਸ਼ 19 ਮਈ ਤਕ ਲਈ ਸੀ। ਹਾਲਾਂਕਿ ਰਜਿਸਟ੍ਰੇਸ਼ਨ ਦੀ ਆਨਲਾਈਨ ਵਿਵਸਥਾ ਜਾਰੀ ਰਹੇਗੀ। ਸੀਐੱਮ ਨੇ ਮੀਟਿੰਗ 'ਚ ਅਫਸਰਾਂ ਨਾਲ ਚਾਰਧਾਮ ਯਾਤਰਾ 'ਚ ਵਿਵਸਥਾਵਾਂ ਦੀ ਜਾਣਕਾਰੀ ਲਈ।


ਯਾਤਰਾ ਦੀਆਂ ਵਿਵਸਥਾਵਾਂ ਦੀ ਹਰ ਹਫ਼ਤੇ ਹੋਵੇਗੀ ਸਮੀਖਿਆ

ਯਾਤਰਾ ਦੇ ਸ਼ੁਰੂਆਤੀ 10 ਦਿਨ ਦੀ ਸਮੀਖਿਆ ਕਰਕੇ ਸਰਕਾਰ ਖਾਮੀਆਂ ਅਤੇ ਚੰਗੇ ਪ੍ਰਯੋਗਾਂ ਦਾ ਵੇਰਵਾ ਤਿਆਰ ਕਰੇਗੀ। ਇਸ ਰਿਪੋਰਟ ਦੇ ਆਧਾਰ 'ਤੇ ਖਾਮੀਆਂ ਦਾ ਸਥਾਈ ਹੱਲ ਤਲਾਸ਼ਿਆ ਜਾਵੇਗੀ, ਜਦਕਿ ਵਿਵਸਥਾ 'ਚ ਸੁਧਾਰ ਨਾਲ ਜੁੜੇ ਪ੍ਰਯੋਗਾਂ ਨੂੰ ਵੱਡੇ ਪੱਧਰ 'ਤੇ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਮਵਾਰ ਨੂੰ ਸਕੱਤਰੇਤ 'ਚ ਮੀਟਿੰਗ ਦੌਰਾਨ ਅਫਸਰਾਂ ਨੂੰ ਇਹ ਨਿਰਦੇਸ਼ ਦਿੱਤੇ। ਡਿਪਟੀ ਚੀਫ ਸਕੱਤਰ ਆਨੰਦਬਰਧਨ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਸਕੱਤਰ ਨੂੰ ਕਿਹਾ ਕਿ ਹੁਣ ਤੋਂ ਯਾਤਰਾ ਪ੍ਰਬੰਧਨ ਦੀ ਹਫ਼ਤਾਵਾਰੀ ਰਿਪੋਰਟ ਨਿਯਮਤ ਰੂਪ ਨਾਲ ਤਿਆਰ ਕੀਤੀ ਜਾਵੇ। 


ਯਾਤਰੀਆਂ ਦਾ ਸਨਮਾਨ ਜ਼ਰੂਰੀ

ਸਮੀਖਿਆ ਬੈਠਕ 'ਚ ਮੁੱਖ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਆਉਣ ਵਾਲਾ ਹਰ ਯਾਤਰੀ ਸੂਬੇ ਦਾ ਮਹਿਮਾਨ ਹੈ। ਉਸ ਨੂੰ ਵਿਸ਼ੇਸ਼ ਸਹੂਲਤਾਂ ਦੇਣੀਆਂ ਪਹਿਲੀ ਤਰਜੀਹ ਹੋਵੇਗੀ। ਮੁੱਖ ਮੰਤਰੀ ਨੇ ਚਾਰਧਾਮ ਯਾਤਰਾ ਡਿਊਟੀ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਅਨੁਸ਼ਾਸਨ ਦੀ ਵਿਸ਼ੇਸ਼ ਨਸੀਹਤ ਕੀਤੀ। ਉਨ੍ਹਾਂ ਕਿਹਾ ਕਿ ਯਾਤਰਾ 'ਤੇ ਆਉਣ ਵਾਲੇ ਯਾਤਰੀਆਂ ਨਾਲ ਸਨਮਾਨ ਵਿਵਹਾਰ ਕੀਤਾ ਜਾਵੇ। ਯਾਤਰੀਆਂ ਨਾਲ ਬਦਸਲੂਕੀ ਦੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਹੈ। ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।


ਐਡਵਾਇਜ਼ਰੀ ਜਾਰੀ ਕਰੋ

ਯਾਤਰੀਆਂ ਦੀ ਵਧਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਸੀਐੱਮ ਨੇ ਟੂਰ ਆਪ੍ਰੇਟਰਾਂ ਲਈ ਐਡਵਾਇਜ਼ਰੀ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ 'ਚ ਅਜਿਹੇ ਯਾਤਰੀ ਵੀ ਆ ਰਹੇ ਹਨ, ਜਿਨ੍ਹਾਂ ਦਾ ਚਾਰਧਾਮ ਲਈ ਰਜਿਸਟ੍ਰੇਸ਼ਨ ਨਹੀਂ ਹੋਈ ਹੈ। ਅਜਿਹੇ ਯਾਤਰੀਆਂ ਨੂੰ ਚਾਰਧਾਮ ਯਾਤਰਾ 'ਚ ਨੰਬਰ ਆਉਣ ਤਕ ਦੂਜੇ ਤੀਰਥ ਅਤੇ ਸੈਰ-ਸਪਾਟਾ ਸਥਾਨਾਂ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਪੁਲਸ ਤੇ ਸੈਰ-ਸਪਾਟਾ ਵਿਭਾਗ ਨੂੰ ਇਸ ਲਈ ਹੋਰ ਧਾਰਿਮਕ-ਅਧਿਆਤਮ ਸਥਾਨਾਂ ਦੇ ਦਰਸ਼ਨਾਂ ਦੀ ਕਾਰਜਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ। 


ਡਿਊਟੀ ਨਾ ਛੱਡਣ ਅਫਸਰ

ਸੀ.ਐੱਮ. ਨੇ ਕੇਦਾਰਨਾਥ ਤੇ ਯਮੁਨੋਤਰੀ ਲਈ ਨਿਯੁਕਤ ਨੋਡਲ ਅਫਸਰਾਂ ਨੂੰ ਨਿਰੰਤਰ ਫੀਲਡ 'ਚ ਬਣੇ ਰਹਿਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨੋਡਲ ਅਫਸਰ ਦੀ ਅਹਿਮ ਜ਼ਿੰਮੇਵਾਰੀ ਹੈ। ਇਹ ਅਧਿਕਾਰੀ ਫੀਲਡ 'ਚ ਬਣੇ ਰਹਿਣ। ਸੀਐੱਮ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਨੋਡਲ ਅਧਿਕਾਰੀ ਯਾਤਰਾ ਦੀਆਂ ਵਿਵਸਥਾਵਾਂ ਵਿਚ ਡੀ.ਐੱਮ. ਅਤੇ ਪੁਲਸ ਦਾ ਸਹਿਯੋਗ ਕਰਨ। ਯਾਤਰਾ ਨਾਲ ਜੁੜੇ ਵਿਭਾਗਾਂ ਨੂੰ 24 ਘੰਟੇ ਅਲਰਟ ਮੋਡ 'ਚ ਰਹਿਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਯਾਤਰਾ ਮਾਰਗ 'ਤੇ ਲੋੜੀਂਦੇ ਡਾਕਟਰਾਂ ਅਤੇ ਦਵਾਈਆਂ ਦੀ ਉਪਲੱਬਧਤਾ ਹਰ ਵੇਲੇ ਰਹਿਣੀ ਚਾਹੀਦੀ ਹੈ।


author

Rakesh

Content Editor

Related News