ਵਿਰੋਧੀ ਧਿਰ ਦੀ ਅਗਵਾਈ ਲਈ ਕਾਂਗਰਸ ਦੇ ਸਾਹਮਣੇ ਵੱਡੀ ਚੁਣੌਤੀ ਬਣੀ ‘ਆਪ’
Saturday, Mar 12, 2022 - 11:54 AM (IST)
ਨਵੀਂ ਦਿੱਲੀ– ਹਾਲੀਆ ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਗਰਸ ਹੁਣ ਹੋਂਦ ਦੇ ਸੰਕਟ ਨਾਲ ਹੀ ਵਿਰੋਧੀ ਧਿਰ ਦੇ ਖੇਮੇ ਦੇ ਨੇਤਾ ਹੋਣ ਦੀ ਆਪਣੀ ਭੂਮਿਕਾ ਨੂੰ ਬਚਾਈ ਰੱਖਣ ਦੀ ਚੁਣੌਤੀ ਦਾ ਵੀ ਸਾਹਮਣਾ ਕਰ ਰਹੀ ਹੈ। ਉਸ ਦੇ ਸਾਹਮਣੇ ਇਹ ਚੁਣੌਤੀ ਆਮ ਆਦਮੀ ਪਾਰਟੀ ਦੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਪ੍ਰਚੰਡ ਜਿੱਤ ਕਾਰਨ ਖੜ੍ਹੀ ਹੋਈ ਹੈ। ਰਾਜਨੀਤਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਰਸਤਾ ਬਹੁਤ ਮੁਸ਼ਕਲ ਹੋਣ ਜਾ ਰਿਹਾ ਹੈ, ਕਿਉਂਕਿ ਪਾਰਟੀ ‘ਆਈ. ਸੀ. ਯੂ.’ ਵਿਚ ਹੈ ਤੇ ਇਸ ’ਚ ਨਵੀਂ ਜਾਨ ਫੂਕਣ ਦਾ ਕੋਈ ਕੁਇਕ ਉਪਾਅ ਨਹੀਂ ਹੈ।
ਆਮ ਆਦਮੀ ਪਾਰਟੀ ਨੇ ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ ’ਚ 92 ਸੀਟਾਂ ਹਾਸਲ ਕਰ ਕੇ ਨਾ ਸਿਰਫ ਪ੍ਰਚੰਡ ਜਿੱਤ ਹਾਸਲ ਕੀਤੀ, ਸਗੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਵੀ ਪੁੱਟ ਦਿੱਤੀਆਂ। ਕਾਂਗਰਸ ਨੇ ਨਾ ਸਿਰਫ ਪੰਜਾਬ ਵਰਗੇ ਮਹੱਤਵਪੂਰਣ ਸੂਬੇ ਦੀ ਸੱਤਾ ਗੁਆਈ ਸਗੋਂ ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ ਤੇ ਗੋਆ ’ਚ ਵੀ ਉਸ ਨੂੰ ਕਰਾਰੀ ਹਾਰ ਸਹਿਣੀ ਪਈ। ਪੰਜਾਬ ’ਚ ਜਿੱਤ ਦੇ ਨਾਲ ਹੀ ‘ਆਪ’ ਕੋਲ 2 ਸੂਬਿਆਂ ਦੀ ਸੱਤਾ ਆ ਗਈ ਹੈ। ਕਾਂਗਰਸ ਦੀ ਵੀ ਹੁਣ ਸਿਰਫ 2 ਸੂਬਿਆਂ ਰਾਜਸਥਾਨ ਤੇ ਛੱਤੀਸਗੜ੍ਹ ’ਚ ਸੱਤਾ ਹੈ। ਮਹਾਰਾਸ਼ਟਰ ਤੇ ਝਾਰਖੰਡ ਦੀਆਂ ਗਠਜੋੜ ਸਰਕਾਰਾਂ ’ਚ ਉਹ ਇਕ ਜੂਨੀਅਰ ਹਿੱਸੇਦਾਰ ਦੀ ਭੂਮਿਕਾ ’ਚ ਹੈ।