ਰਾਹੁਲ ਗਾਂਧੀ ਦੀ 'ਨਿਆਂ ਯਾਤਰਾ' ਦੇ ਗੁਜਰਾਤ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕਾਂਗਰਸ ਨੂੰ ਲੱਗਾ ਵੱਡਾ ਝਟਕਾ
Wednesday, Mar 06, 2024 - 02:29 PM (IST)
ਅਹਿਮਦਾਬਾਦ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਯਾਤਰਾ ਦੇ ਗੁਜਰਾਤ ਪਹੁੰਚਣ ਤੋਂ ਪਹਿਲਾਂ ਹੀ ਸੂਬੇ 'ਚ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਖਬਰਾਂ ਮੁਤਾਬਕ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ 'ਚ ਪੈਂਦੇ ਮਾਨਵਦਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਵਿਧਾਇਕ ਅਰਵਿੰਦ ਲਡਾਨੀ ਕਾਂਗਰਸ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਲਦਾਨੀ ਤੋਂ ਪਹਿਲਾਂ ਕਾਂਗਰਸ ਦੇ ਦਿੱਗਜ ਨੇਤਾ ਅਰਜੁਨ ਮੋਢਵਾਡੀਆ ਸਮੇਤ 3 ਵਿਧਾਇਕ ਅਸਤੀਫਾ ਦੇ ਚੁੱਕੇ ਹਨ। ਅਰਵਿੰਦ ਲਡਾਨੀ ਪਾਰਟੀ ਅਤੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਚੌਥੇ ਵਿਧਾਇਕ ਹੋਣਗੇ। ਰਾਹੁਲ ਗਾਂਧੀ ਅੱਜ ਸ਼ਾਮ 4 ਵਜੇ ਨਿਆਂ ਯਾਤਰਾ ਨਾਲ ਗੁਜਰਾਤ ਵਿੱਚ ਦਾਖ਼ਲ ਹੋਣ ਵਾਲੇ ਹਨ ਅਤੇ ਸ਼ਾਮ 5 ਵਜੇ ਗੁਜਰਾਤ ਦੇ ਕੁੱਲ 17 ਵਿੱਚੋਂ ਚੌਥੇ ਕਾਂਗਰਸੀ ਵਿਧਾਇਕ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫ਼ਾ ਦੇ ਦੇਣਗੇ।
ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ ਸਨ ਮੋਢਵਾਡੀਆ
ਦੱਸ ਦੇਈਏ ਕਿ ਕਾਂਗਰਸ ਦੀ ਗੁਜਰਾਤ ਇਕਾਈ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਜੁਨ ਮੋਢਵਾਡੀਆ ਕਾਂਗਰਸ ਤੋਂ ਅਸਤੀਫਾ ਦੇਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਪਾਰਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅੰਬਰੀਸ਼ ਡੇਰ ਦੇ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਦੋਵੇਂ ਨੇਤਾ ਕਈ ਹੋਰਾਂ ਦੇ ਨਾਲ ਗਾਂਧੀਨਗਰ 'ਚ ਭਾਜਪਾ ਦੇ ਸੂਬਾ ਹੈੱਡਕੁਆਰਟਰ 'ਕਮਲਮ' 'ਚ ਪਾਰਟੀ 'ਚ ਸ਼ਾਮਲ ਹੋਏ। ਭਾਜਪਾ ਦੀ ਗੁਜਰਾਤ ਇਕਾਈ ਦੇ ਮੁਖੀ ਸੀ.ਆਰ. ਪਾਟਿਲ ਨੇ ਉਨ੍ਹਾਂ ਨੂੰ ਭਾਜਪਾ ਦੀ ਟੋਪੀ ਅਤੇ ਪੱਟਾ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਗੁਜਰਾਤ ਦੇ ਸਭ ਤੋਂ ਸੀਨੀਅਰ ਅਤੇ ਸਭ ਤੋਂ ਪ੍ਰਭਾਵਸ਼ਾਲੀ ਵਿਰੋਧੀ ਨੇਤਾਵਾਂ ਵਿੱਚੋਂ ਇੱਕ ਮੋਢਵਾਡੀਆ (67) ਕਰੀਬ 40 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ।
ਪ੍ਰਾਣ-ਪ੍ਰਤੀਸ਼ਠਾ ਸਮਾਰੋਹ ਦਾ 'ਬਾਈਕਾਟ' ਬਣਿਆ ਵਜ੍ਹਾ
ਦੱਸ ਦਈਏ ਕਿ ਮੋਢਵਾਡੀਆ ਅਤੇ ਡੇਰ ਨੇ ਸੋਮਵਾਰ ਨੂੰ ਅਯੁੱਧਿਆ 'ਚ ਜਨਵਰੀ 'ਚ ਆਯੋਜਿਤ ਭਗਵਾਨ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਦਾ 'ਬਾਈਕਾਟ' ਕਰਨ ਦੇ ਪਾਰਟੀ ਦੇ ਫੈਸਲੇ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਅਸਤੀਫਾ ਦੇ ਦਿੱਤਾ ਸੀ। ਮੋਢਵਾਡੀਆ ਦੇ ਅਸਤੀਫੇ ਨਾਲ 182 ਮੈਂਬਰੀ ਵਿਧਾਨ ਸਭਾ 'ਚ ਕਾਂਗਰਸ ਵਿਧਾਇਕਾਂ ਦੀ ਪ੍ਰਭਾਵੀ ਗਿਣਤੀ 14 ਰਹਿ ਗਈ ਹੈ। ਪਿਛਲੇ 4 ਮਹੀਨਿਆਂ 'ਚ ਅਸਤੀਫਾ ਦੇਣ ਵਾਲੇ ਉਹ ਤੀਜੇ ਕਾਂਗਰਸੀ ਵਿਧਾਇਕ ਹਨ। ਇਸ ਤੋਂ ਪਹਿਲਾਂ ਚਿਰਾਗ ਪਟੇਲ ਅਤੇ ਸੀ.ਜੇ. ਚਾਵੜਾ ਨੇ ਕ੍ਰਮਵਾਰ ਦਸੰਬਰ ਅਤੇ ਜਨਵਰੀ ਵਿੱਚ ਅਸਤੀਫਾ ਦੇ ਦਿੱਤਾ ਸੀ। ਹੁਣ ਇਕ ਹੋਰ ਵਿਧਾਇਕ ਅਰਵਿੰਦ ਲਡਾਨੀ ਦੇ ਅਸਤੀਫੇ ਨਾਲ ਇਹ ਗਿਣਤੀ ਘੱਟ ਕੇ 13 ਰਹਿ ਜਾਵੇਗੀ।