ਆਜ਼ਮ ਖ਼ਾਨ ਦੇ ਪਰਿਵਾਰ ਨੂੰ HC ਵੱਲੋਂ ਵੱਡਾ ਝਟਕਾ, ਅਬਦੁੱਲਾ ਆਜ਼ਮ ਦੀ ਜ਼ਮਾਨਤ ਪਟੀਸ਼ਨ ਕੋਰਟ ਨੇ ਕੀਤੀ ਖਾਰਜ
Saturday, Sep 21, 2024 - 05:58 PM (IST)
ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਸ਼ਨੀਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਅਤੇ ਰਾਜ ਦੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ ਅਤੇ ਉਨ੍ਹਾਂ ਦੇ ਬੇਟੇ ਅਬਦੁੱਲਾ ਆਜ਼ਮ ਖਾਨ ਦੀ ਮਸ਼ੀਨ ਚੋਰੀ ਦੇ ਮਾਮਲੇ 'ਚ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ।
ਜਸਟਿਸ ਸਮਿਤ ਗੋਪਾਲ ਨੇ ਆਜ਼ਮ ਖਾਨ ਅਤੇ ਉਸ ਦੇ ਬੇਟੇ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦੇ ਹੋਏ ਇਹ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ 2 ਸਤੰਬਰ 2024 ਨੂੰ ਪਟੀਸ਼ਨਕਰਤਾ ਅਤੇ ਸੂਬਾ ਸਰਕਾਰ ਦੇ ਵਕੀਲਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸਾਲ 2022 ਵਿੱਚ ਆਜ਼ਮ ਖਾਨ ਦੇ ਖਿਲਾਫ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ ਹੈ ਕਿ ਆਜ਼ਮ ਖਾਨ ਨੇ ਰਾਮਪੁਰ ਨਗਰ ਕੌਂਸਲ ਦੁਆਰਾ ਖਰੀਦੀ ਗਈ ਇੱਕ ਸੜਕ ਸਫਾਈ ਮਸ਼ੀਨ ਚੋਰੀ ਕੀਤੀ ਸੀ। ਇਹ ਮਸ਼ੀਨ ਬਾਅਦ ਵਿੱਚ ਆਜ਼ਮ ਖਾਨ ਦੀ ਜੌਹਰ ਯੂਨੀਵਰਸਿਟੀ ਤੋਂ ਬਰਾਮਦ ਕੀਤੀ ਗਈ ਸੀ। ਸੂਬੇ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਵਕਾਰ ਅਲੀ ਖਾਨ ਨਾਮ ਦੇ ਇੱਕ ਵਿਅਕਤੀ ਨੇ 2022 ਵਿੱਚ ਰਾਮਪੁਰ ਕੋਤਵਾਲੀ ਵਿੱਚ ਆਜ਼ਮ ਖਾਨ, ਉਸਦੇ ਪੁੱਤਰ ਅਬਦੁੱਲਾ ਆਜ਼ਮ ਖਾਨ ਅਤੇ ਪੰਜ ਹੋਰਾਂ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ।
ਐੱਫ.ਆਈ.ਆਰ. ਵਿੱਚ ਦੋਸ਼ ਲਾਇਆ ਗਿਆ ਸੀ ਕਿ ਸਾਲ 2014 ਵਿੱਚ ਇਨ੍ਹਾਂ ਵਿਅਕਤੀਆਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰਦਿਆਂ ਇੱਕ ਸਰਕਾਰੀ ਸੜਕ ਸਾਫ਼ ਕਰਨ ਵਾਲੀ ਮਸ਼ੀਨ ਚੋਰੀ ਕਰ ਲਈ ਸੀ ਜੋ ਕਿ ਨਗਰ ਕੌਂਸਲ ਰਾਮਪੁਰ ਵੱਲੋਂ ਖਰੀਦੀ ਗਈ ਸੀ। ਬਾਅਦ ਵਿੱਚ ਉਕਤ ਮਸ਼ੀਨ ਆਜ਼ਮ ਖਾਨ ਦੀ ਜੌਹਰ ਯੂਨੀਵਰਸਿਟੀ ਦੇ ਕੈਂਪਸ ਵਿੱਚੋਂ ਬਰਾਮਦ ਕੀਤੀ ਗਈ। ਦੋਸ਼ ਹੈ ਕਿ ਇਹ ਮਸ਼ੀਨ ਜੌਹਰ ਯੂਨੀਵਰਸਿਟੀ ਦੀ ਜ਼ਮੀਨ ਵਿੱਚ ਦੱਬੀ ਹੋਈ ਸੀ, ਜਿਸ ਨੂੰ ਸਰਕਾਰੀ ਏਜੰਸੀ ਨੇ ਜ਼ਮੀਨ ਪੁੱਟ ਕੇ ਬਰਾਮਦ ਕਰ ਲਿਆ ਸੀ।