ਕਾਨਪੁਰ ; 10 ਸਾਲ ਨੌਕਰੀ ਕਰ ਛਾਪ''ਤਾ 100 ਕਰੋੜ ! ਹੁਣ DSP ਸਾਬ੍ਹ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ
Tuesday, Nov 04, 2025 - 01:55 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਕਾਨਪੁਰ 'ਚ 10 ਸਾਲ ਤੱਕ ਡਿਊਟੀ ਨਿਭਾ ਚੁੱਕੇ ਡੀ.ਐੱਸ.ਪੀ. ਰਿਸ਼ੀਕਾਂਤ ਸ਼ੁਕਲਾ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ 'ਤੇ 100 ਕਰੋੜ ਰੁਪਏ ਤੋਂ ਵੱਧ ਦੀ ਬੇਨਾਮੀ ਸੰਪਤੀ ਇਕੱਠੀ ਕਰਨ ਅਤੇ ਇੱਕ ਕੰਸਟ੍ਰਕਸ਼ਨ ਕੰਪਨੀ ਰਾਹੀਂ ਕਾਲੀ ਕਮਾਈ ਨੂੰ ਸਫ਼ੇਦ ਕਰਨ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਇਹ ਵੱਡਾ ਖੁਲਾਸਾ ਐੱਸ.ਆਈ.ਟੀ. ਵੱਲੋਂ ਕੀਤੀ ਗਈ ਜਾਂਚ ਵਿੱਚ ਹੋਇਆ ਹੈ। ਜਦੋਂ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਉਸ ਸਮੇਂ ਸ਼ੁਕਲਾ ਮੈਨਪੁਰੀ ਵਿੱਚ ਤਾਇਨਾਤ ਸਨ।
ਐੱਸ.ਆਈ.ਟੀ. ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਡੀ.ਐੱਸ.ਪੀ. ਰਿਸ਼ੀਕਾਂਤ ਸ਼ੁਕਲਾ ਲੈਂਡ ਮਾਫੀਆ ਦੇ ਵੱਡੇ ਨਾਂ ਤੇ ਕਾਰੋਬਾਰੀ ਅਖਿਲੇਸ਼ ਦੂਬੇ ਦੇ ਬੇਹੱਦ ਕਰੀਬੀ ਸਨ। ਦੋਹਾਂ 'ਤੇ ਮਿਲ ਕੇ 100 ਕਰੋੜ ਰੁਪਏ ਤੋਂ ਵੱਧ ਸਾਲਾਨਾ ਟਰਨਓਵਰ ਵਾਲੀ ਇੱਕ ਕੰਸਟ੍ਰਕਸ਼ਨ ਕੰਪਨੀ ਬਣਾਉਣ ਦਾ ਦੋਸ਼ ਹੈ। ਇਸ ਕੰਪਨੀ ਦਾ ਮੁੱਖ ਉਦੇਸ਼ ਰਿਸ਼ਵਤ ਅਤੇ ਗੈਰ-ਕਾਨੂੰਨੀ ਵਸੂਲੀ ਤੋਂ ਕਮਾਏ ਗਏ ਪੈਸੇ ਨੂੰ 1 ਨੰਬਰ ਦਾ ਪੈਸਾ ਬਣਾਉਣਾ ਸੀ।
ਇਸ ਕੰਸਟ੍ਰਕਸ਼ਨ ਕੰਪਨੀ ਵਿੱਚ ਰਿਸ਼ੀਕਾਂਤ ਸ਼ੁਕਲਾ ਦੀ ਪਤਨੀ ਪ੍ਰਭਾ ਸ਼ੁਕਲਾ ਵੀ ਸਾਂਝੇਦਾਰ ਸੀ। ਇਸ ਤੋਂ ਇਲਾਵਾ ਇਸ ਵਿੱਚ ਸੀ.ਓ. ਵਿਕਾਸ ਪਾਂਡੇ ਦਾ ਭਰਾ ਪ੍ਰਦੀਪ ਕੁਮਾਰ ਪਾਂਡੇ, ਡੀ.ਐੱਸ.ਪੀ. ਸੰਤੋਸ਼ ਕੁਮਾਰ ਸਿੰਘ ਦਾ ਰਿਸ਼ਤੇਦਾਰ ਅਸ਼ੋਕ ਕੁਮਾਰ ਸਿੰਘ ਅਤੇ ਅਖਿਲੇਸ਼ ਦੂਬੇ ਦੇ ਪਰਿਵਾਰਕ ਮੈਂਬਰ ਵੀ ਸਾਂਝੇਦਾਰ ਸਨ।

ਐੱਸ.ਆਈ.ਟੀ. ਦੀ ਰਿਪੋਰਟ ਅਨੁਸਾਰ ਰਿਸ਼ੀਕਾਂਤ ਸ਼ੁਕਲਾ, ਉਨ੍ਹਾਂ ਦੇ ਪਰਿਵਾਰ ਅਤੇ ਭਾਈਵਾਲਾਂ ਦੇ ਨਾਮ 'ਤੇ 12 ਵੱਖ-ਵੱਖ ਥਾਵਾਂ 'ਤੇ ਲਗਭਗ 92 ਕਰੋੜ ਰੁਪਏ ਦੀ ਜਾਇਦਾਦ ਮਿਲੀ ਹੈ। ਸੂਤਰਾਂ ਅਨੁਸਾਰ, ਆਰੀਆਨਗਰ ਵਿੱਚ 11 ਦੁਕਾਨਾਂ ਵੀ ਰਿਸ਼ੀਕਾਂਤ ਸ਼ੁਕਲਾ ਦੀ ਬੇਨਾਮੀ ਸੰਪਤੀ ਮੰਨੀਆਂ ਜਾ ਰਹੀਆਂ ਹਨ, ਜੋ ਕਿ ਉਨ੍ਹਾਂ ਦੇ ਗੁਆਂਢੀ ਦੇ ਨਾਂ 'ਤੇ ਦਰਜ ਹਨ।
ਇਹ ਵੀ ਸਾਹਮਣੇ ਆਇਆ ਹੈ ਕਿ ਰਿਸ਼ੀਕਾਂਤ ਸ਼ੁਕਲਾ ਲਗਭਗ 10 ਸਾਲਾਂ ਤੋਂ ਵੱਧ ਸਮੇਂ ਤੱਕ ਕਾਨਪੁਰ ਵਿੱਚ ਤਾਇਨਾਤ ਰਹੇ। ਉਨ੍ਹਾਂ ਨੇ 1998 ਤੋਂ 2006 ਤੱਕ ਅਤੇ ਫਿਰ ਦਸੰਬਰ 2006 ਤੋਂ 2009 ਤੱਕ ਕਾਨਪੁਰ ਵਿੱਚ ਸੇਵਾ ਨਿਭਾਈ। ਇਸ ਦੌਰਾਨ, ਉਨ੍ਹਾਂ 'ਤੇ ਅਖਿਲੇਸ਼ ਦੂਬੇ ਗਿਰੋਹ ਨਾਲ ਮਿਲ ਕੇ ਫਰਜ਼ੀ ਮੁਕੱਦਮੇ, ਵਸੂਲੀ ਅਤੇ ਜ਼ਮੀਨਾਂ 'ਤੇ ਕਬਜ਼ਾ ਕਰਨ ਦੇ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਹੈ।
ਇਸ ਤੋਂ ਇਲਾਵਾ ਐੱਸ.ਆਈ.ਟੀ. ਜਾਂਚ ਦੇ ਘੇਰੇ ਵਿੱਚ ਕਈ ਹੋਰ ਪੁਲਸ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ 'ਤੇ ਅਖਿਲੇਸ਼ ਦੂਬੇ ਦੇ "ਦਰਬਾਰੀ" ਹੋਣ ਦਾ ਦੋਸ਼ ਹੈ। ਇਨ੍ਹਾਂ ਵਿੱਚ ਸੀ.ਓ .ਵਿਕਾਸ ਪਾਂਡੇ, ਡੀ.ਐੱਸ.ਪੀ. ਸੰਤੋਸ਼ ਕੁਮਾਰ ਸਿੰਘ, ਮਹਿੰਦਰ ਕੁਮਾਰ ਸੋਲੰਕੀ ਅਤੇ ਕਸ਼ਯਪ ਕਾਂਤ ਦੂਬੇ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਨੂੰ ਐੱਸ.ਆਈ.ਟੀ. ਨੇ ਨੋਟਿਸ ਜਾਰੀ ਕੀਤੇ ਸਨ, ਪਰ ਕੋਈ ਵੀ ਜਾਂਚ ਟੀਮ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਫਿਲਹਾਲ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
