ਅਹਿਮਦਾਬਾਦ ਤੋਂ ਆਗਰਾ ਤਕ 'ਟਰੰਪ-ਟਰੰਪ' ਪਰ ਭੋਪਾਲ 'ਚ ਲੋਕਾਂ ਦਾ ਫੁਟਿਆ ਗੁੱਸਾ

Monday, Feb 24, 2020 - 04:17 PM (IST)

ਭੋਪਾਲ (ਵਾਰਤਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਵ ਸੋਮਵਾਰ ਨੂੰ ਭਾਰਤ ਦੌਰੇ 'ਤੇ ਆਏ ਹਨ। ਟਰੰਪ ਆਪਣੀ ਪਤਨੀ, ਧੀ ਅਤੇ ਜਵਾਈ ਨਾਲ 24 ਅਤੇ 25 ਫਰਵਰੀ ਦੋ ਦਿਨਾਂ ਲਈ ਭਾਰਤ ਦੌਰੇ 'ਤੇ ਆਏ ਹਨ। ਅਹਿਮਦਾਬਾਦ ਹਵਾਈ ਅੱਡੇ 'ਤੇ ਪ੍ਰਧਾਨ ਮੋਦੀ ਨਰਿੰਦਰ ਮੋਦੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਕ ਪਾਸੇ ਜਿੱਥੇ ਅਹਿਮਦਾਬਾਦ ਤੋਂ ਆਗਰਾ ਤਕ ਟਰੰਪ-ਟਰੰਪ ਸੁਣਨ ਨੂੰ ਮਿਲ ਰਿਹਾ ਹੈ, ਉੱਥੇ ਹੀ ਭੋਪਾਲ 'ਚ ਟਰੰਪ ਨੂੰ ਲੈ ਕੇ ਲੋਕਾਂ ਦਾ ਗੁੱਸਾ ਫੁਟਿਆ ਹੈ।

PunjabKesari

ਦਰਅਸਲ ਦੁਨੀਆ ਦੀ ਭਿਆਨਕ ਉਦਯੋਗਿਕ ਤ੍ਰਾਸਦੀ ਭੋਪਾਲ ਗੈਸਕਾਂਡ ਦੇ ਪ੍ਰਭਾਵਿਤ ਅਤੇ ਉਨ੍ਹਾਂ ਦੇ ਹਿੱਤਾਂ 'ਚ ਕੰਮ ਕਰਨ ਵਾਲੇ ਸੰਗਠਨਾਂ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭੋਪਾਲ ਗੈਸਕਾਂਡ ਲਈ ਜ਼ਿੰਮੇਵਾਰ ਬਹੁ-ਰਾਸ਼ਟਰੀ ਕੰਪਨੀ ਯੂਨੀਅਨ ਕਾਰਬਾਈਡ ਦੇ ਮਾਲਕ ਡਾਵ ਕੈਮੀਕਲਸ ਨੂੰ ਅਮਰੀਕੀ ਸਰਕਾਰ ਦੀ ਸੁਰੱਖਿਆ ਮਿਲੀ ਹੋਈ ਹੈ। ਇਸ ਵਜ੍ਹਾ ਕਰ ਕੇ ਭੋਪਾਲ ਦੀ ਅਦਾਲਤ ਵਲੋਂ ਡਾਵ ਕੈਮੀਕਲਸ ਵਿਰੁੱਧ ਜਾਰੀ ਸੰਮਨ ਦੀ ਤਾਮੀਲ ਨਹੀਂ ਹੋ ਪਾ ਰਹੀ ਹੈ। ਇਸ ਲਈ ਪੀੜਤਾਂ ਨੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।

ਪ੍ਰਦਰਸ਼ਨ ਵਿਚ ਭੋਪਾਲ ਗੈਸ ਪੀੜਤ ਸਟੇਸ਼ਨਰੀ ਕਰਮਚਾਰੀ ਸੰਘ, ਭੋਪਾਲ ਗੈਸ ਪੀੜਤ ਮਹਿਲਾ-ਪੁਰਸ਼ ਸੰਘਰਸ਼ ਮੋਰਚਾ, ਡਾਵ-ਕਾਰਬਾਈਡ ਵਿਰੁੱਧ ਬੱਚੇ ਅਤੇ ਮੱਧ ਪ੍ਰਦੇਸ਼ ਮੁਸਲਿਮ ਵਿਕਾਸ ਪਰੀਸ਼ਦ ਦੇ ਵਰਕਰਾਂ ਨੇ ਹਿੱਸਾ ਲਿਆ। ਇੱਥੇ ਦੱਸ ਦੇਈਏ ਕਿ 2 ਅਤੇ 3 ਦਸੰਬਰ 1984 ਦੀ ਦਰਮਿਆਨੀ ਰਾਤ ਨੂੰ ਭੋਪਾਲ 'ਚ ਸਥਿਤ ਯੂਨੀਅਨ ਕਾਰਬਾਈਡ ਦੇ ਕੀਟਨਾਸ਼ਕ ਬਣਾਉਣ ਵਾਲੇ ਪਲਾਂਟ ਤੋਂ ਮਿਥਾਈਲ ਆਈਸੋ ਸਾਇਨੇਟ (ਮਿਕ) ਨਾਂ ਦੀ ਜ਼ਹਿਰੀਲੀ ਗੈਸ ਰਿਸਣ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ। ਲੱਗਭਗ 35 ਸਾਲਾਂ ਬਾਅਦ ਵੀ ਅੱਜ ਹਜ਼ਾਰਾਂ ਲੋਕ ਇਸ ਦੇ ਮਾੜੇ ਪ੍ਰਭਾਵ ਨੂੰ ਝੱਲ ਰਹੇ ਹਨ।


Tanu

Content Editor

Related News