ਡੀ. ਪੀ. ਆਈ. ਐੱਲ. ਦੇ ਪ੍ਰਮੋਟਰ ਭਟਨਾਗਰ ਨੂੰ ਮਿਲੀ ਜ਼ਮਾਨਤ
Saturday, Jun 16, 2018 - 03:57 AM (IST)

ਅਹਿਮਦਾਬਾਦ—ਗੁਜਰਾਤ ਹਾਈ ਕੋਰਟ ਨੇ 2654 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਦੇਹੀ ਮਾਮਲੇ ਦੇ ਇਕ ਮੁੱਖ ਮੁਲਜ਼ਮ ਅਤੇ ਵਡੋਦਰਾ ਸਥਿਤ ਬਿਜਲੀ ਯੰਤਰ ਨਿਰਮਾਤਾ ਕੰਪਨੀ ਡਾਇਮੰਡ ਪਾਵਰ ਇਨਫਰਾਸਟਰਕਚਰ ਲਿਮ. (ਡੀ. ਪੀ. ਆਈ. ਐੱਲ.) ਦੇ ਪ੍ਰਮੋਟਰ ਸੁਰੇਸ਼ ਭਟਨਾਗਰ ਨੂੰ ਅੱਜ ਜ਼ਮਾਨਤ ਦੇ ਦਿੱਤੀ।
ਜਸਟਿਸ ਜੇ. ਬੀ. ਪਰੋਡੀਵਾਲਾ ਦੀ ਅਦਾਲਤ ਨੇ ਇਹ ਜ਼ਮਾਨਤ ਦਿੱਤੀ। ਵਰਨਣਯੋਗ ਹੈ ਕਿ ਹਾਈ ਕੋਰਟ ਨੇ ਹੀ ਬੀਤੀ 11 ਜੂਨ ਨੂੰ ਇਸ ਮਾਮਲੇ ਦੇ ਇਕ ਹੋਰ ਮੁਲਜ਼ਮ ਅਤੇ ਮਹਿਤਾ ਦੇ ਪੁੱਤਰ ਅਤੇ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਮਿਤ ਭਟਨਾਗਰ ਨੂੰ ਅਮਰੀਕਾ 'ਚ ਉਸ ਦੀ ਧੀ ਦੀ ਪੜ੍ਹਾਈ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ 20 ਦਿਨ ਦੀ ਅੰਤਰਿਮ ਜ਼ਮਾਨਤ ਦਿੱਤੀ ਸੀ। ਅਮਿਤ, ਸੁਰੇਸ਼ ਅਤੇ ਉਨ੍ਹਾਂ ਦੇ ਪੁੱਤਰ ਤੇ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਸੁਮਿਤ ਭਟਨਾਗਰ ਨੂੰ ਸੀ. ਬੀ. ਆਈ. ਨੇ ਬੀਤੀ 14 ਅਪ੍ਰੈਲ ਨੂੰ ਉਦੇਪੁਰ ਦੇ ਇਕ ਹੋਟਲ 'ਚੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ 'ਤੇ 11 ਬੈਂਕਾਂ ਤੋਂ 2654 ਕਰੋੜ ਰੁਪਏ ਦੀ ਰਕਮ ਦਾ ਕਰਜ਼ਾ ਲੈ ਕੇ ਨਾ ਮੋੜਨ ਦਾ ਦੋਸ਼ ਹੈ।