ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ਭਾਜਯੁਮੋ ਦੇ ਸਾਰੇ ਅਹੁਦੇਦਾਰ : ਨੱਢਾ

Saturday, May 14, 2022 - 11:27 AM (IST)

ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ਭਾਜਯੁਮੋ ਦੇ ਸਾਰੇ ਅਹੁਦੇਦਾਰ : ਨੱਢਾ

ਧਰਮਸ਼ਾਲਾ, (ਜਿਨੇਸ਼)– ਧਰਮਸ਼ਾਲਾ ’ਚ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਦੇ ਕੌਮੀ ਸਿਖਲਾਈ ਕੈਂਪ ਦਾ ਸ਼ੁੱਭ-ਆਰੰਭ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਕੀਤਾ।

ਨੱਢਾ ਨੇ ਆਪਣੇ ਸੰਬੋਧਨ ’ਚ ਭਾਜਯੁਮੋ ਦੇ ਸਾਰੇ ਅਹੁਦੇਦਾਰਾਂ ਨੂੰ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ, ਨਾਲ ਹੀ ਵਰਕਰਾਂ ਦੇ ਸਨਮਾਨ ਦੀ ਗੱਲ ਵੀ ਕਹੀ। ਉਦਘਾਟਨ ਸੈਸ਼ਨ ’ਚ ਨੱਢਾ ਨੇ ਜਨਸੰਘ ਦੇ ਦਿਨਾਂ ਤੋਂ ਭਾਜਪਾ ਦੀ ਯਾਤਰਾ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਸਿਖਰ ’ਤੇ ਹਮੇਸ਼ਾ ਜਗ੍ਹਾ ਹੁੰਦੀ ਹੈ। ਆਪਣੀ ਲਗਨ, ਮਿਹਨਤ ਨਾਲ ਤੁਸੀਂ ਉਸ ਜਗ੍ਹਾ ਨੂੰ ਭਰ ਸਕਦੇ ਹੋ। ਆਪਣੇ ਤਜਰਬੇ ਤੇ ਗਿਆਨ ਨੂੰ ਵਧਾਉਣ ਅਤੇ ਤੁਹਾਡਾ ਮਾਰਗਦਰਸ਼ਨ ਕਰਨ ਲਈ ਇਹ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ ਹੈ।

ਉਨ੍ਹਾਂ ਵਰਕਰਾਂ ਤੇ ਅਹੁਦੇਦਾਰਾਂ ਨੂੰ ‘ਮੈਂ ਭਾਜਪਾ ਮੇਂ ਹੂੰ’ ਦੀ ਬਜਾਏ ‘ਮੈਂ ਭਾਜਪਾ ਹੂੰ’ ਦਾ ਨਾਅਰਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ ਹਰੇਕ ਭਾਰਤੀ ਤੇ ਹਰੇਕ ਸੰਗਠਨ ਦੇ ਵਰਕਰ ਦੀ ਸ਼ਖਸੀਅਤ ਵਿਚ ਝਲਕਣਾ ਚਾਹੀਦਾ ਹੈ।

ਨੱਢਾ ਨੇ ਭਾਜਯੁਮੋ ਦੀ ‘ਸੁਸ਼ਾਸਨ’ ਨਾਮਕ ਮੈਗਜ਼ੀਨ ਦਾ ਉਦਘਾਟਨ ਵੀ ਕੀਤਾ। ਸਿਖਲਾਈ ਕੈਂਪ ਦੌਰਾਨ ਰਾਜ ਸਭਾ ਮੈਂਬਰ ਅਤੇ ਪ੍ਰਧਾਨ ਆਈ. ਸੀ. ਸੀ. ਆਰ. ਵਿਨੇ ਸਹਸਰਬੁੱਧੇ ਨੇ ਭਾਜਪਾ ਦੀ ਵਿਚਾਰਧਾਰਾ ’ਤੇ ਇਕ ਸੈਸ਼ਨ ਲਿਆ।

ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਇੰਚਾਰਜ ਤਰੁਣ ਚੁਘ ਨੇ ਦੂਜੇ ਸੈਸ਼ਨ ਵਿਚ ‘ਭਾਜਪਾ ਸੰਗਠਨ ਦੇ ਕੰਮ ਕਰਨ ਦਾ ਤਰੀਕਾ’ ਵਿਸ਼ਾ ’ਤੇ ਭਾਜਯੁਮੋ ਦੇ ਅਹੁਦੇਦਾਰਾਂ ਸਾਹਮਣੇ ਆਪਣੇ ਵਿਚਾਰ ਰੱਖੇ। ਦਿਨ ਦੇ ਅੰਤਿਮ ਸੈਸ਼ਨ ਵਿਚ ਮੁਰਲੀਧਰ ਰਾਓ ਕੌਮੀ ਇੰਚਾਰਜ ਨੇ ‘ਸਾਡਾ ਵਿਚਾਰ ਪਰਿਵਾਰ’ ਵਿਸ਼ੇ ’ਤੇ ਆਪਣੀ ਗੱਲ ਰੱਖੀ।

ਇਸ ਦੇ ਨਾਲ ਹੀ ਪਾਰਟੀ ਨੇ ਸੂਬੇ ਵਿਚ ਚੋਣ ਮੁਹਿੰਮ ਦੀ ਸ਼ੁਰੂਆਤ ਬਾਰੇ ਵੀ ਚਿੰਤਨ ਕੀਤਾ। ਸਿਖਲਾਈ ਵਰਗ ਵਿਚ ਦੇਸ਼ ਭਰ ’ਚੋਂ ਭਾਜਯੁਮੋ ਦੇ 139 ਅਹੁਦੇਦਾਰ ਹਿੱਸਾ ਲੈ ਰਹੇ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਹੋਰ ਅਹੁਦੇਦਾਰ ਇਸ ਮੌਕੇ ’ਤੇ ਮੌਜੂਦ ਰਹੇ।

ਅਨੁਰਾਗ ਠਾਕੁਰ ਅੱਜ ਕਰਨਗੇ ਪ੍ਰਧਾਨਗੀ
3 ਦਿਨ ਤਕ ਚੱਲਣ ਵਾਲੇ ਕੌਮੀ ਸਿਖਲਾਈ ਕੈਂਪ ਦੀ ਪ੍ਰਧਾਨਗੀ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਕਰਨਗੇ। ਇਸ ਤੋਂ ਪਹਿਲਾਂ ਨੱਢਾ ਸਵੇਰੇ ਗੱਗਲ ਹਵਾਈ ਅੱਡੇ ’ਤੇ ਪਹੁੰਚੇ ਅਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਨੱਢਾ ਨੇ ਖੁੱਲੀ ਜੀਪ ਵਿਚ ਰੋਡ ਸ਼ੋਅ ਕੀਤਾ ਅਤੇ ਜਨਤਾ ਦਾ ਅਭਿਵਾਦਨ ਸਵੀਕਾਰ ਕੀਤਾ।

ਸਾਡੇ ਨੇਤਾ ਇਕ ਪ੍ਰੇਰਣਾ : ਤੇਜਸਵੀ ਸੂਰੀਆ
ਕੈਂਪ ਦੌਰਾਨ ਭਾਜਯੁਮੋ ਦੇ ਕੌਮੀ ਪ੍ਰਧਾਨ ਤੇਜਸਵੀ ਸੂਰੀਆ ਨੇ ਕਿਹਾ ਕਿ ਲੋਕ ਪ੍ਰੇਰਣਾਦਾਇਕ ਕਹਾਣੀਆਂ ਤੋਂ ਪ੍ਰੇਰਣਾ ਲੈਂਦੇ ਹਨ ਪਰ ਸਾਡੇ ਵਿਚ ਮੌਜੂਦ ਹਰ ਨੇਤਾ ਆਪਣੇ-ਆਪ ’ਚ ਇਕ ਪ੍ਰੇਰਣਾ ਹੈ ਜਿਨ੍ਹਾਂ ਦੇ ਜੀਵਨ, ਗਿਆਨ ਤੇ ਤਜਰਬੇ ਤੋਂ ਸਾਰੇ ਵਰਕਰਾਂ ਨੂੰ ਜ਼ਰੂਰ ਲਾਭ ਮਿਲੇਗਾ।


author

Rakesh

Content Editor

Related News