ਨੱਕ ਰਾਹੀਂ ਲੈਣ ਵਾਲੀ ਕੋਰੋਨਾ ਦਵਾਈ ਦਾ ਹੋਵੇਗਾ ਪ੍ਰੀਖਣ, ਭਾਰਤ ਬਾਇਟੇਕ ਨੂੰ ਮਿਲੀ ਮਨਜ਼ੂਰੀ
Friday, Jan 28, 2022 - 03:38 PM (IST)
ਨਵੀਂ ਦਿੱਲੀ (ਵਾਰਤਾ)- ਭਾਰਤੀ ਡਰੱਗ ਕੰਟਰੋਲਰ ਜਨਰਲ ਨੇ ਭਾਰਤੀ ਦਵਾਈ ਕੰਪਨੀ ਭਾਰਤ ਬਾਇਓਟੇਕ ਨੂੰ ਨੱਕ ਨਾਲ ਲੈਣ ਵਾਲੀ ਕੋਰੋਨਾ ਦਵਾਈ ਦੇ ਪ੍ਰੀਖਣ ਦੀ ਮਨਜ਼ੂਰੀ ਦਿੱਤੀ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਡਰੱਗ ਕੰਟਰੋਲਰ ਜਨਰਲ ਨੇ ਭਾਰਤ ਬਾਇਓਟੇਕ ਨੂੰ ਨੱਕ ਰਾਹੀਂ ਲੈਣ ਵਾਲੀ ਕੋਰੋਨਾ ਦਵਾਈ ਦੇ ਪ੍ਰੀਖਣ ਦੀ ਮਨਜ਼ੂਰੀ ਦਿੱਤੀ ਹੈ, ਜੋ ਬੂਸਟਰ ਡੋਜ਼ ਦੇ ਤੌਰ 'ਤੇ ਬਾਲਗਾਂ ਨੂੰ ਦਿੱਤੀ ਜਾਵੇਗੀ। ਸੂਤਰਾਂ ਅਨੁਸਾਰ ਕੋਵੀਸ਼ੀਲਡ ਅਤੇ ਕੋਵੈਕਸੀਨ ਕੋਰੋਨਾ ਟੀਕੇ ਲੈਣ ਵਾਲੇ ਵਿਅਕਤੀਆਂ ਨੂੰ ਤੀਜੀ ਖੁਰਾਕ ਦੇ ਤੌਰ 'ਤੇ ਇਹ ਦਵਾਈ ਦਿੱਤੀ ਜਾਵੇਗੀ। ਇਸ ਦਾ ਪ੍ਰੀਖਣ ਦੇਸ਼ 'ਚ 9 ਵੱਖ-ਵੱਖ ਸਥਾਨਾਂ 'ਤੇ ਹੋਵੇਗਾ।
ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ਦੀ ਪਟੀਸ਼ਨ 'ਤੇ SIT ਨੂੰ ਨੋਟਿਸ, ਕਾਂਗਰਸ ਨੇਤਾ ਕਮਲਨਾਥ ਵਿਰੁੱਧ ਹੋ ਸਕਦੀ ਹੈ ਕਾਰਵਾਈ
ਪ੍ਰੀਖਣ 'ਚ ਕੋਵੀਸ਼ੀਲਡ ਅਤੇ ਕੋਵੈਕਸੀਨ ਲੈ ਚੁਕੇ ਲੋਕ ਬਰਾਬਰ ਦੀ ਗਿਣਤੀ 'ਚ ਸ਼ਾਮਲ ਕੀਤੇ ਜਾਣਗੇ। ਲਗਭਗ 5 ਹਜ਼ਾਰ ਲੋਕਾਂ 'ਤੇ ਇਹ ਪ੍ਰੀਖਣ ਹੋਣਗੇ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਦਵਾਈ ਲੈਣ ਲਈ ਘੱਟੋ-ਘੱਟ 6 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਹੈ। ਦੂਜਾ ਟੀਕਾ ਲੈਣ ਦੇ 6 ਮਹੀਨੇ ਬਾਅਦ ਇਹ ਦਵਾਈ ਲਈ ਜਾ ਸਕੇਗੀ। ਸੂਤਰਾਂ ਨੇ ਦੱਸਿਆ ਕਿ ਮਾਰਚ ਅੰਤ ਤੱਕ ਇਸ ਦਵਾਈ ਦੇ ਉਪਲੱਬਧ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 25 ਦਸੰਬਰ ਨੂੰ ਰਾਸ਼ਟਰ ਦੇ ਨਾਮ ਸੰਬੋਧਨ 'ਚ ਨੱਕ ਰਾਹੀਂ ਲੈਣ ਵਾਲੀ ਕੋਰੋਨਾ ਦਵਾਈ ਦਾ ਜ਼ਿਕਰ ਕੀਤਾ ਸੀ। ਦੱਸਣਯੋਗ ਹੈ ਕਿ ਸਰਕਾਰ ਨੇ ਵੀਰਵਾਰ ਨੂੰ ਦੇਸੀ ਕੋਰੋਨਾ ਟੀਕੇ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਖੁੱਲ੍ਹੇ ਬਜ਼ਾਰ 'ਚ ਉਤਾਰਨ ਦੀ ਮਨਜ਼ੂਰੀ ਦਿੱਤੀ।
ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ