ਕੋਰੋਨਾ ਲਈ ਭਾਰਤ ਬਾਇਓਟੈੱਕ ਦੇ ਨੱਕ ਨਾਲ ਦਿੱਤੇ ਜਾਣ ਵਾਲੇ ਟੀਕੇ ਇਨਕੋਵੈਕ ਨੂੰ ਮਿਲੀ ਮਨਜ਼ੂਰੀ
Tuesday, Nov 29, 2022 - 12:52 PM (IST)
ਹੈਦਰਾਬਾਦ (ਭਾਸ਼ਾ)- ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟੇਡ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਨੱਕ ਨਾਲ ਲਏ ਜਾਣ ਕੋਰੋਨਾ ਰੋਕੂ ਟੀਕੇ ਇਨਕੋਵੈਕ (ਬੀਬੀਵੀ154) ਨੂੰ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਵਲੋਂ ਭਾਰਤ 'ਚ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ 'ਚ ਐਮਰਜੈਂਸੀ ਸਥਿਤੀ 'ਚ ਕੰਟਰੋਲ ਉਪਯੋਗ ਦੀ ਮਨਜ਼ੂਰੀ ਮਿਲ ਗਈ ਹੈ। ਇਸ ਦਾ ਉਪਯੋਗ ਹੇਟਰੋਲੋਗਸ ਬੂਸਟਰ ਖੁਰਾਕ ਵਜੋਂ ਕੀਤਾ ਜਾਵੇਗਾ।
ਵੈਕਸੀਨ ਨਿਰਮਾਤਾ ਵਲੋਂ ਜਾਰੀ ਇਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਇਨਕੋਵੈਕ ਦੁਨੀਆ ਦੀ ਪਹਿਲੀ ਵੈਕਸੀਨ ਹੈ ਜਿਸ ਨੂੰ ਪ੍ਰਾਇਮਰੀ ਸੀਰੀਜ਼ ਅਤੇ ਇਕ ਹੈਟਰੋਲੋਗਸ ਬੂਸਟਰ ਖੁਰਾਕ ਦੇ ਰੂਪ 'ਚ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਦੇ ਤਿੰਨ ਪੜਾਵਾਂ ਵਿਚ ਪ੍ਰੀਖਣ ਕੀਤਾ ਗਿਆ ਸੀ ਅਤੇ ਸਫ਼ਲ ਨਤੀਜਿਆਂ ਤੋਂ ਬਾਅਦ, ਇਸ ਨੂੰ ਵਿਸ਼ੇਸ਼ ਤੌਰ 'ਤੇ ਨੱਕ ਵਿਚ ਬੂੰਦ ਰਾਹੀਂ ਪਾਉਣ ਲਈ ਤਿਆਰ ਕੀਤਾ ਗਿਆ ਹੈ। ਭਾਰਤ ਬਾਇਓਟੈਕ ਦਾ ਕਹਿਣਾ ਹੈ ਕਿ ਨੱਕ ਰਾਹੀਂ ਦਿੱਤੇ ਜਾਣ ਵਾਲੇ ਇਸ ਟੀਕੇ ਨੂੰ ਖ਼ਾਸ ਤੌਰ 'ਤੇ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ।