ਭਾਰਤ ਬੰਦ ਦਾ ਨਹੀਂ ਦਿਸਿਆ ਖਾਸ ਅਸਰ
Thursday, Jul 10, 2025 - 12:05 AM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਅਤੇ ਵੱਖ-ਵੱਖ ਮੰਗਾਂ ਲਈ ਪ੍ਰਮੁੱਖ ਟਰੇਡ ਯੂਨੀਅਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਅੱਜ ਦੇਸ਼ ਭਰ ਵਿਚ ਰਲਵਾਂ-ਮਿਲਵਾਂ ਅਸਰ ਰਿਹਾ। ਪੱਛਮੀ ਬੰਗਾਲ ਅਤੇ ਕੇਰਲ ’ਚ ਇਸ ਬੰਦ ਦਾ ਵੱਧ ਅਸਰ ਦੇਖਿਆ ਗਿਆ ਅਤੇ ਕਈ ਸੂਬਿਆਂ ਵਿਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹੀਆਂ। ਬੰਦ ਦਾ ਸੱਦਾ 10 ਕੇਂਦਰੀ ਟਰੇਡ ਯੂਨੀਅਨਾਂ ਨੇ ਦਿੱਤਾ ਸੀ।
ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ’ਚ ਕੀਤੇ ਗਏ ਇਸ ਬੰਦ ਦੇ ਤਹਿਤ ਕੁਝ ਖੱਬੇ-ਪੱਖੀ ਸੰਗਠਨਾਂ ਨੇ ਰਾਜਧਾਨੀ ਦਿੱਲੀ ਵਿਚ ਜੰਤਰ-ਮੰਤਰ ’ਤੇ ਰੋਸ ਵਿਖਾਵਾ ਕੀਤਾ। ਦਿੱਲੀ ਵਿਚ ਬੰਦ ਦਾ ਖਾਸ ਅਸਰ ਨਹੀਂ ਦਿਖਾਈ ਦਿੱਤਾ ਅਤੇ ਇੱਥੇ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਅਤੇ ਸੜਕਾਂ ’ਤੇ ਵਾਹਨ ਵੀ ਆਮ ਵਾਂਗ ਚੱਲਦੇ ਰਹੇ। ਇਕ ਪਾਸੇ ਜਿੱਥੇ ਪੱਛਮੀ ਬੰਗਾਲ ਅਤੇ ਕੇਰਲ ਵਿਚ ਬੰਦ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲਿ ਆ ਉੱਥੇ ਹੀ ਭਾਜਪਾ ਅਤੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ. ਡੀ. ਏ.) ਸ਼ਾਸਿਤ ਸੂਬਿਆਂ ’ਚ ਬੰਦ ਦਾ ਕੋਈ ਖਾਸ ਅਸਰ ਨਹੀਂ ਦਿਸਿਆ।
ਪੱਛਮੀ ਬੰਗਾਲ ’ਚ ਖੱਬੇ-ਪੱਖੀ ਪਾਰਟੀਆਂ ਅਤੇ ਉਨ੍ਹਾਂ ਨਾਲ ਸਬੰਧਿਤ ਟਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਦੌਰਾਨ ਰੇਲਾਂ ਦੀ ਆਵਾਜਾਈ ਉਤੇ ਅਸਰ ਪਿਆ। ਬੰਦ ਦੇ ਕਾਰਨ ਜਨਤਕ ਆਵਾਜਾਈ ਵਿਚ ਭਾਰੀ ਅੜਿੱਕਾ ਪਿਆ। ਵਿਖਾਵਾਕਾਰੀਆਂ ਦੀਆਂ ਕਈ ਥਾਵਾਂ ’ਤੇ ਪੁਲਸ ਨਾਲ ਝੜਪਾਂ ਹੋਈਆਂ ਅਤੇ ਪੁਲਸ ਨੇ 20 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।