ਦੇਸ਼ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਭਾਨੂ ਅਥਈਆ ਦਾ ਹੋਇਆ ਦਿਹਾਂਤ

Friday, Oct 16, 2020 - 12:50 PM (IST)

ਦੇਸ਼ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਭਾਨੂ ਅਥਈਆ ਦਾ ਹੋਇਆ ਦਿਹਾਂਤ

ਮੁੰਬਈ (ਬਿਊਰੋ) : ਦੇਸ਼ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਮਸ਼ਹੂਰ ਕਾਸਟਿਊਮ ਡਿਜ਼ਾਈਨਰ ਭਾਨੂ ਅਥਈਆ ਦਾ ਵੀਰਵਾਰ ਆਪਣੇ ਘਰ 'ਚ ਦਿਹਾਂਤ ਹੋ ਗਿਆ। ਅਥਈਆ ਨੂੰ ਸਾਲ 1983 'ਚ ਆਈ ਫ਼ਿਲਮ 'ਗਾਂਧੀ' ਲਈ ਸਰਬਉੱਤਮ ਕਾਸਟਿਊਮ ਡਿਜ਼ਾਈਨਰ ਦਾ ਆਸਕਰ ਐਵਾਰਡ ਮਿਲਿਆ ਸੀ। ਉਹ 91 ਸਾਲ ਦੇ ਸਨ ਅਤੇ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਗੁਲਜ਼ਾਰ ਦੀ ਫ਼ਿਲਮ 'ਲੇਕਿਨ' (1990) ਤੇ ਆਸ਼ੁਤੋਸ਼ ਗੋਵਾਰੀਕਰ ਦੀ 'ਲਗਾਨ' (2001) ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ।

ਭਾਨੂ ਅਥਈਆ ਦੀ ਧੀ ਰਾਧਿਕਾ ਗੁਪਤਾ ਮੁਤਾਬਕ 8 ਸਾਲ ਪਹਿਲਾਂ ਉਨ੍ਹਾਂ ਦੇ ਦਿਮਾਗ਼ 'ਚ ਟਿਊਮਰ ਹੋਣ ਬਾਰੇ ਪਤਾ ਲੱਗਿਆ ਸੀ। ਸਰੀਰ ਦੇ ਇਕ ਹਿੱਸੇ ਨੂੰ ਲਕਵਾ ਮਾਰ ਜਾਣ ਕਾਰਨ ਉਹ ਪਿਛਲੇ ਤਿੰਨ ਸਾਲਾਂ ਤੋਂ ਬਿਸਤਰ 'ਤੇ ਹੀ ਸਨ।

ਕੋਲਹਾਪੁਰ 'ਚ ਪੈਦਾ ਹੋਈ ਭਾਨੂ ਅਥਈਆ ਨੇ ਹਿੰਦੀ ਸਿਨੇਮਾ 'ਚ ਕਾਸਟਿਊਮ ਡਿਜ਼ਾਈਨਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰੂਦੱਤ ਦੀ ਸੁਪਰਹਿੱਟ ਫ਼ਿਲਮ 'ਸੀ. ਆਈ. ਡੀ' (1956) ਨਾਲ ਕੀਤੀ ਸੀ। ਉਨ੍ਹਾਂ ਨੂੰ ਰਿਚਰਡ ਐਟਨਬਰੋ ਵੱਲੋਂ ਡਾਇਰੈਕਟਰ ਕੀਤੀ ਗਈ ਫ਼ਿਲਮ 'ਗਾਂਧੀ' ਲਈ ਸਰਬਉੱਤਮ ਕਾਸਟਿਊਮ ਡਿਜ਼ਾਈਨਰ ਦਾ ਆਸਕਰ ਐਵਾਰਡ ਜਾਨ ਮੋਲੋ ਨਾਲ ਸਾਂਝੇ ਤੌਰ 'ਤੇ ਮਿਲਿਆ ਸੀ।


author

sunita

Content Editor

Related News