ਭਾਖੜਾ ਡੈਮ ਦੇ ਹਾਲਾਤ ''ਚ ਸੁਧਾਰ, ਜਾਣੋ ਤਾਜ਼ਾ ਅਪਡੇਟ

08/20/2019 7:15:54 PM

ਹਿਮਾਚਲ— ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਾਰਨ ਡੈਮ ਦੇ ਫਲੱਡ ਗੇਟ ਖੋਲ੍ਹਣੇ ਪਏ। ਹੁਣ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਕਿ ਭਾਖੜਾ ਡੈਮ ਦੇ ਹਾਲਾਤ 'ਚ ਸੁਧਾਰ ਆਇਆ ਹੈ। ਹਿਮਾਚਲ ਪ੍ਰਦੇਸ਼ ਵਿਚ ਮੀਂਹ ਰੁੱਕਣ ਨਾਲ ਵੱਡੀ ਰਾਹਤ ਮਿਲੀ ਹੈ। ਅਜਿਹੇ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇਕ ਫੁੱਟ ਹੇਠਾਂ ਆ ਗਿਆ ਹੈ। ਪਾਣੀ ਘੱਟ ਕੇ 35,000 ਕਿਊਸਿਕ ਰਹਿ ਗਿਆ ਹੈ, ਜੋ ਕਿ 18 ਅਗਸਤ ਦੀ ਰਾਤ ਅਤੇ 19 ਅਗਸਤ ਦੀ ਦੁਪਹਿਰ ਨੂੰ 3 ਲੱਖ 19 ਹਜ਼ਾਰ ਕਿਊਸਿਕ ਦੇ ਨੇੜੇ-ਤੇੜੇ ਸੀ। ਬੰਨ੍ਹ ਦਾ ਪੱਧਰ ਵੀ 1681 ਤੋਂ ਘੱਟ ਕੇ 1679 ਫੁੱਟ ਹੋ ਗਿਆ ਹੈ। ਹਾਲਾਂਕਿ ਅੱਜ ਵੀ 77 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਬੁੱਧਵਾਰ ਭਾਵ ਭਲਕੇ ਹਾਲਾਤ 'ਚ ਹੋਰ ਸੁਧਾਰ ਆ ਸਕਦਾ ਹੈ।

ਦੱਸਣਯੋਗ ਹੈ ਕਿ ਪੰਜਾਬ ਅਤੇ ਹਿਮਾਚਲ 'ਚ 'ਚ ਭਾਰੀ ਮੀਂਹ ਕਾਰਨ ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਪੁੱਜਿਆ ਸੀ, ਜਿਸ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਸਨ। ਡੈਮ ਤੋਂ ਲੱਗਭਗ 50 ਹਜ਼ਾਰ ਕਿਊਸਿਕ ਪਾਣੀ ਨਹਿਰਾਂ ਅਤੇ ਦਰਿਆਵਾਂ ਵਿਚ ਛੱਡਿਆ ਗਿਆ। ਪਾਣੀ ਛੱਡੇ ਜਾਣ ਕਾਰਨ ਕਈ ਸ਼ਹਿਰਾਂ 'ਚ ਅਲਰਟ ਵੀ ਜਾਰੀ ਕੀਤਾ ਗਿਆ ਸੀ। ਪਾਣੀ ਛੱਡੇ ਜਾਣ ਕਾਰਨ ਜ਼ਿਆਦਾਤਰ ਹੇਠਲੇ ਇਲਾਕਿਆਂ ਅਤੇ ਪਿੰਡਾਂ ਵਿਚ ਵੱਸਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਆਪਣੇ ਘਰ-ਬਾਰ ਛੱਡ ਕੇ ਪਲਾਇਨ ਕਰਨਾ ਪਿਆ।


Tanu

Content Editor

Related News