''ਮਿੰਨੀ ਕਸ਼ਮੀਰ'' ਆਖੇ ਜਾਣ ਵਾਲੇ ਭਦਰਵਾਹ ''ਚ ਲੱਗਾ ਸੈਲਾਨੀਆਂ ਦਾ ਤਾਂਤਾ
Sunday, Jul 07, 2019 - 05:19 PM (IST)

ਭਦਰਵਾਹ (ਜੰਮੂ-ਕਸ਼ਮੀਰ)— ਜੰਮੂ ਖੇਤਰ ਦੇ ਡੋਡਾ ਜ਼ਿਲੇ ਦੇ ਖੂਬਸੂਰਤ ਸ਼ਹਿਰ ਭਦਰਵਾਹ ਵਿਚ ਇਨ੍ਹੀਂ ਦਿਨੀਂ ਸੈਲਾਨੀਆਂ ਦਾ ਤਾਂਤਾ ਲੱਗਾ ਹੋਇਆ ਹੈ। ਪਿਛਲੇ 20 ਦਿਨਾਂ ਤੋਂ ਇੱਥੇ ਰਿਕਾਰਡ 2.10 ਲੱਖ ਸੈਲਾਨੀਆਂ ਦੇ ਆਉਣ ਦੀ ਵਜ੍ਹਾ ਕਰ ਕੇ ਸੈਰ-ਸਪਾਟਾ ਨਾਲ ਜੁੜੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਜੋ ਸੈਰ-ਸਪਾਟਾ ਸੈਸ਼ਨ ਦੀ ਮੱਠੀ ਸ਼ੁਰੂਆਤ ਨੂੰ ਲੈ ਕੇ ਚਿੰਤਾ ਵਿਚ ਸਨ। ਭਦਰਵਾਹ ਤੋਂ 49 ਕਿਲੋਮੀਟਰ ਦੂਰ ਅੰਤਰਰਾਜੀ ਭਦਰਵਾਹ-ਚੰਬਾ ਮਾਰਗ 'ਤੇ ਸਮੁੰਦਰ ਤਲ ਤੋਂ 11,000 ਫੁੱਟ ਦੀ ਉੱਚਾਈ 'ਤੇ ਸਥਿਤ ਮਨਮੋਹਕ ਘਾਹ ਦੇ ਮੈਦਾਨ 'ਪਾਦਰੀ ਧਰ' ਸੈਲਾਨੀਆਂ ਵਿਚਾਲੇ ਪਸੰਦੀਦਾ ਸਥਾਨ ਬਣਿਆ ਹੋਇਆ ਹੈ।
ਭਦਰਵਾਹ ਵਿਕਾਸ ਅਥਾਰਿਟੀ ਦੇ ਸੀ. ਈ. ਓ. ਰਾਜਿੰਦਰ ਖਜੂਰੀਆ ਨੇ ਦੱਸਿਆ, ''16 ਜੂਨ ਤੋਂ 5 ਜੁਲਾਈ ਦਰਮਿਆਨ ਕਰੀਬ-ਕਰੀਬ 2.10 ਲੱਖ ਸੈਲਾਨੀ ਪਾਦਰੀ ਧਰ ਘੁੰਮਣ ਆ ਚੁੱਕੇ ਹਨ, ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ 1.15 ਲੱਖ ਸੈਲਾਨੀ ਪਹੁੰਚੇ ਸਨ। ਇਕ ਦਿਨ 'ਚ ਇੱਥੇ ਲੱਗਭਗ 22,000 ਸੈਲਾਨੀ ਵੀ ਆ ਚੁੱਕੇ ਹਨ। ਫਿਲਹਾਲ ਸਾਰੇ ਹੋਟਲ ਅਤੇ ਗੈਸਟ ਹਾਊਸ ਖਚਾਖਚ ਭਰੇ ਹੋਏ ਹਨ।
ਭਦਰਵਾਹ ਨੂੰ 'ਮਿੰਨੀ ਕਸ਼ਮੀਰ' ਕਿਹਾ ਜਾਂਦਾ ਹੈ ਪਰ ਮਈ 'ਚ ਫਿਰਕੂ ਤਣਾਅ ਤੋਂ ਬਾਅਦ ਹਫਤੇ ਭਰ ਚਲੇ ਕਰਫਿਊ ਕਾਰਨ ਇਸ ਮਨਮੋਹਕ ਘਾਟੀ ਵਲੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਸੀ। ਹਾਲਾਂਕਿ ਹਾਲਾਤ ਆਮ ਹੋਣ ਤੋਂ ਬਾਅਦ ਸੈਲਾਨੀਆਂ ਦੀ ਆਮਦ ਦਾ ਰਸਤਾ ਸਾਫ ਹੋ ਗਿਆ, ਜਿਸ ਨੇ ਜੂਨ ਦੇ ਮੱਧ ਵਿਚ ਰਫਤਾਰ ਫੜੀ।