ਆਯੁਰਵੈਦਿਕ ਦਵਾਈ ਬੀ. ਜੀ. ਆਰ.-34 ਸ਼ੂਗਰ ’ਚ ਕਾਰਗਰ
Sunday, Feb 27, 2022 - 02:30 PM (IST)
ਨਵੀਂ ਦਿੱਲੀ– ਖੋਜੀਆਂ ਦੀ ਟੀਮ ਨੇ ਆਪਣੇ ਅਧਿਐਨ ’ਚ ਪਾਇਆ ਹੈ ਕਿ ਆਯੁਰਵੈਦਿਕ ਦਵਾਈ ਬੀ. ਜੀ. ਆਰ.-34 ਤਿੰਨ ਮਹੀਨਿਆਂ ਦੇ ਅੰਦਰ ਸਰੀਰ ’ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਨ ’ਚ ਮਦਦਗਾਰ ਸਾਬਤ ਹੋ ਸਕਦੀ ਹੈ ਅਤੇ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਦਾ ਡਿਸਚਾਰਜ ਸਰੀਰ ’ਚ ਕਰਦੀ ਹੈ ਜਿਸ ਨਾਲ ਸ਼ੂਗਰ ਸਬੰਧੀ ਪੇਚੀਦਗੀਆਂ ਕੰਟਰੋਲ ਹੁੰਦੀਆਂ ਹਨ। ਪੰਜਾਬ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕੀਤੇ ਗਏ ਇਸ ਅਧਿਐਨ ਨੂੰ ਸਰਬਿਆਈ ਜਰਨਲ ਆਫ ਐਕਸਪੈਰੀਮੈਂਟਲ ਐਂਡ ਕਲੀਨੀਕਲ ਰਿਸਰਚ ਆਨ ਸਾਈਡੋ ਸੈਂਟਿਫਿਕ ਪਲੇਟਫਾਰਮ ਦੇ ਨਵੇਂ ਐਡੀਸ਼ਨ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਅਧਿਐਨ ਮੁਤਾਬਕ ਆਯੁਰਵੈਦਿਕ ਦਵਾਈ ਬੀ. ਜੀ. ਆਰ.-34 ਸ਼ੂਗਰ ਦੇ ਇਲਾਜ ’ਚ ਪ੍ਰਭਾਵੀ ਹੈ ਅਤੇ ਇਸ ਦਾ ਬਹੁਤ ਘੱਟ ਜਾਂ ਬਿਲਕੁੱਲ ਬੁਰਾ ਪ੍ਰਭਾਵ ਨਹੀਂ ਹੈ। ਰਵਿੰਦਰ ਸਿੰਘ ਦੀ ਅਗਵਾਈ ’ਚ ਇਕ ਟੀਮ ਨੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ 100 ਮਰੀਜ਼ਾਂ ਨੂੰ ਦੋ ਸਮੂਹਾਂ ’ਚ ਵੰਡ ਕੇ ਮੈਡੀਕਲ ਟੈਸਟ ਕੀਤੇ। ਅਧਿਐਨ ਦੌਰਾਨ ਬਿਨਾਂ ਦੱਸੇ ਇਕ ਸਮੂਹ ਨੂੰ ਸੀਟਾਗਲਿਪਟਿਨ ਅਤੇ ਦੂਜੇ ਸਮੂਹ ਨੂੰ ਬੀ. ਜੀ. ਆਰ.-34 ਦਿੱਤੀ ਗਈ। ਇਸ ਤੋਂ ਬਾਅਦ ਕੁੱਝ ਦਿਨ ਤੱਕ ਨਿਗਰਾਨੀ ਤੋਂ ਬਾਅਦ ਜਦੋਂ ਨਤੀਜਾ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਸ਼ੂਗਰ ਦੇ ਇਲਾਜ ’ਚ ਬੀ. ਜੀ. ਆਰ.-34 ਦਵਾਈ ਕਾਫ਼ੀ ਅਸਰਦਾਰ ਹੈ।