'ਪੁਲਸ ਕੋਈ ਜਾਦੂਗਰ ਜਾਂ ਰੱਬ ਨਹੀਂ', ਬੈਂਗਲੁਰੂ ਭਾਜੜ ਲਈ RCB ਜ਼ਿੰਮੇਵਾਰ
Wednesday, Jul 02, 2025 - 01:05 PM (IST)

ਬੈਂਗਲੁਰੂ- ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਨੇ 4 ਜੂਨ ਨੂੰ ਬੈਂਗਲੁਰੂ ’ਚ ਮਚੀ ਭਾਜੜ ਲਈ ਆਰ. ਸੀ. ਬੀ. (ਰਾਇਲ ਚੈਲੇਂਜਰਜ਼ ਬੈਂਗਲੁਰੂ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟੀਮ ਨੇ ਬਿਨਾਂ ਪੁਲਸ ਦੀ ਇਜਾਜ਼ਤ ਦੇ ਸੋਸ਼ਲ ਮੀਡੀਆ ’ਤੇ ਜਿੱਤ ਦੇ ਜਲੂਸ ਦਾ ਐਲਾਨ ਕਰ ਦਿੱਤਾ, ਜਿਸ ਨਾਲ ਲੱਖਾਂ ਦੀ ਭੀੜ ਇਕੱਠੀ ਹੋ ਗਈ।
ਇਸ ਭਾਜੜ ’ਚ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਟ੍ਰਿਬਿਊਨਲ ਨੇ ਆਪਣੀ ਟਿੱਪਣੀ ’ਚ ਕਿਹਾ, ‘‘ਇਸ ਲਈ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਲਗਭਗ ਤਿੰਨ ਤੋਂ ਪੰਜ ਲੱਖ ਲੋਕਾਂ ਦੀ ਭੀੜ ਇਕੱਠੀ ਕਰਨ ਲਈ ਆਰ. ਸੀ. ਬੀ. ਜ਼ਿੰਮੇਵਾਰ ਹੈ। ਕੀ ਆਰ. ਸੀ. ਬੀ. ਨੇ ਪੁਲਸ ਕੋਲੋਂ ਉਚਿਤ ਇਜਾਜ਼ਤ ਜਾਂ ਸਹਿਮਤੀ ਲਈ ਸੀ? ਅਚਾਨਕ ਸੋਸ਼ਲ ਮੀਡੀਆ ’ਤੇ ਜਾਣਕਾਰੀ ਪੋਸਟ ਕੀਤੀ ਗਈ ਅਤੇ ਉਸੇ ਦੇ ਨਤੀਜੇ ਵਜੋਂ ਲੋਕ ਇਕੱਠੇ ਹੋਏ।
ਟ੍ਰਿਬਿਊਨਲ ਨੇ ਆਰ. ਸੀ. ਬੀ. ਵੱਲੋਂ ਅਚਾਨਕ ਕੀਤੇ ਗਏ ਸਮਾਰੋਹ ਦੇ ਐਲਾਨ ਨੂੰ ‘ਹਫੜਾ-ਦਫੜੀ ਫੈਲਾਉਣ’ ਵਾਲਾ ਕਰਾਰ ਦਿੱਤਾ। ਆਰ. ਸੀ. ਬੀ. ਨੇ ਆਪਣੀ ਪਹਿਲੀ ਆਈ. ਪੀ. ਐੱਲ. ਜਿੱਤ ਤੋਂ ਅਗਲੇ ਦਿਨ ਭਾਵ 4 ਜੂਨ ਨੂੰ ਇਕ ਜਿੱਤ ਦਾ ਜਲੂਸ ਕੱਢਣ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ ਸੀ। ਟ੍ਰਿਬਿਊਨਲ ਨੇ ਪੁਲਸ ਦੀ ਭੂਮਿਕਾ ਦਾ ਬਚਾਅ ਕਰਦੇ ਹੋਏ ਕਿਹਾ, ‘‘ਪੁਲਸ ਮੁਲਾਜ਼ਮ ਵੀ ਇਨਸਾਨ ਹਨ, ਉਹ ਨਾ ਤਾਂ ‘ਰੱਬ’ ਹਨ ਅਤੇ ਨਾ ਹੀ ‘ਜਾਦੂਗਰ’ ਅਤੇ ਉਨ੍ਹਾਂ ਕੋਲ ‘ਅਲਾਦੀਨ ਦਾ ਚਿਰਾਗ’ ਵਰਗਾ ਕੋਈ ਜਾਦੂਈ ਯੰਤਰ ਨਹੀਂ ਹੈ, ਜਿਸ ਨਾਲ ਉਂਗਲੀ ਘੁਮਾ ਕੇ ਕਿਸੇ ਵੀ ਇੱਛਾ ਨੂੰ ਪੂਰਾ ਕਰ ਸਕਣ।’’