ਸਕੂਲ ਭਰਤੀ ਘਪਲਾ: TMC ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ED ਦੇ ਸਾਹਮਣੇ ਪੇਸ਼ ਹੋਏ
Wednesday, Sep 13, 2023 - 06:54 PM (IST)

ਕੋਲਕਾਤਾ- ਤ੍ਰਿਣਮੂਲ ਕਾਂਗਰਸ (TMC) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਪੱਛਮੀ ਬੰਗਾਲ ਵਿਚ ਸਕੂਲ ਭਰਤੀ ਘਪਲੇ ਦੀ ਜਾਂਚ ਦੇ ਸਿਲਸਿਲੇ 'ਚ ਪੁੱਛ-ਗਿੱਛ ਲਈ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਦੱਸਿਆ ਕਿ TMC ਦੇ ਰਾਸ਼ਟਰੀ ਜਨਰਲ ਸਕੱਤਰ ਬੈਨਰਜੀ ਸਵੇਰੇ ਕਰੀਬ ਸਾਢੇ 11 ਵਜੇ ਕੋਲਕਾਤਾ ਵਿਚ ਈ. ਡੀ. ਦੇ ਦਫ਼ਤਰ ਪਹੁੰਚੇ ਅਤੇ ਉਨ੍ਹਾਂ ਤੋਂ ਸ਼ਾਮ ਤੱਕ ਪੁੱਛ-ਗਿੱਛ ਚੱਲਦੀ ਰਹੀ। ਈ. ਡੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਬੈਨਰਜੀ ਨੂੰ ਸਕੂਲ ਭਰਤੀ ਵਿਚ ਬੇਨਿਯਮੀਆਂ ਦੇ ਸਬੰਧ ਵਿਚ ਸਬੂਤ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਸਾਡੇ ਅਧਿਕਾਰੀ ਉਨ੍ਹਾਂ ਤੋਂ ਘਪਲੇ ਦੇ ਸਬੰਧ ਵਿਚ ਕੁਝ ਸਵਾਲ ਵੀ ਪੁੱਛ ਸਕਦੇ ਹਨ।
ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਬੈਨਰਜੀ ਨੇ ਬੁੱਧਵਾਰ ਨੂੰ ਦਿੱਲੀ 'ਚ ਵਿਰੋਧੀ ਪਾਰਟੀਆਂ ਦੇ ਗਠਜੋੜ 'ਇੰਡੀਆ' (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਦੀ ਤਾਲਮੇਲ ਕਮੇਟੀ ਦੀ ਬੈਠਕ 'ਚ ਸ਼ਿਰਕਤ ਕਰਨੀ ਸੀ ਪਰ ਈਡੀ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਕਾਰਨ ਉਹ ਬੈਠਕ 'ਚ ਸ਼ਾਮਲ ਨਹੀਂ ਹੋ ਸਕੇ।
ਓਧਰ ਪੁੱਛਗਿੱਛ ਬਾਰੇ ਵੇਰਵਾ ਦਿੰਦੇ ਹੋਏ ਈ.ਡੀ. ਦੇ ਅਧਿਕਾਰੀ ਨੇ ਕਿਹਾ ਕਿ ਤਿੰਨ ਅਧਿਕਾਰੀ ਬੈਨਰਜੀ ਤੋਂ ਘਪਲੇ 'ਚ ਸ਼ਾਮਲ ਕੰਪਨੀ 'ਲੀਪਸ ਐਂਡ ਬਾਉਂਡਸ' ਨਾਲ ਉਸ ਦੀ ਭੂਮਿਕਾ ਅਤੇ ਸ਼ਮੂਲੀਅਤ ਬਾਰੇ ਪੁੱਛ-ਗਿੱਛ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੈਨਰਜੀ ਨੂੰ ਕੰਪਨੀ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਿਆ ਗਿਆ ਸੀ ਅਤੇ ਕੀ ਉਹ ਅਜੇ ਵੀ ਡਾਇਰੈਕਟਰ ਦੇ ਅਹੁਦੇ 'ਤੇ ਹਨ। ਪੁੱਛ ਗਿੱਛ ਅਜੇ ਵੀ ਜਾਰੀ ਰਹਿ ਸਕਦੀ ਹੈ, ਜਦੋਂ ਤੱਕ ਸਾਡੇ ਅਧਿਕਾਰੀ ਸੰਤੁਸ਼ਟ ਨਹੀਂ ਹੋ ਜਾਂਦੇ।