ਮਮਤਾ ਦੇ ਮੰਤਰੀ ਨੇ ਰਾਸ਼ਟਰਪਤੀ 'ਤੇ ਕੀਤੀ ਇਤਰਾਜ਼ਯੋਗ ਟਿੱਪਣੀ, ਭਾਜਪਾ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ

Sunday, Nov 13, 2022 - 10:04 AM (IST)

ਨਵੀਂ ਦਿੱਲੀ (ਭਾਸ਼ਾ)- ਪੱਛਮੀ ਬੰਗਾਲ ਦੇ ਮੰਤਰੀ ਅਖਿਲ ਗਿਰੀ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਲਈ ਸ਼ਨੀਵਾਰ ਵਿਆਪਕ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਗਿਰੀ ਨੇ ਆਪਣੀ ਵਿਵਾਦਿਤ ਟਿੱਪਣੀ ਲਈ ਮੁਆਫ਼ੀ ਮੰਗ ਲਈ। ਗਿਰੀ ਨੂੰ 17 ਸੈਕਿੰਡ ਦੀ ਵੀਡੀਓ ’ਚ ‘ਰਾਸ਼ਟਰਪਤੀ ਦੀ ਦਿੱਖ’ ਬਾਰੇ ਕਥਿਤ ਤੌਰ ’ਤੇ ਟਿੱਪਣੀ ਕਰਦੇ ਸੁਣਿਆ ਜਾ ਸਕਦਾ ਹੈ। ਗ੍ਰਹਿ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਗਿਰੀ ਨੇ ਸ਼ੁੱਕਰਵਾਰ ਦੇਰ ਸ਼ਾਮ ਨੰਦੀਗ੍ਰਾਮ ਦੇ ਇਕ ਪਿੰਡ 'ਚ ਇਕ ਰੈਲੀ ਦੌਰਾਨ ਕਿਹਾ ਸੀ ਕਿ ਭਾਜਪਾ ਵਾਲੇ ਕਹਿੰਦੇ ਹਨ ਕਿ ਮੈਂ ਚੰਗਾ ਨਹੀਂ ਲੱਗਦਾ ਹਾਂ। ਅਸੀਂ ਕਿਸੇ ਦੀ ਦਿੱਖ ਵੇਖ ਕੇ ਉਸ ਬਾਰੇ ਫ਼ੈਸਲਾ ਨਹੀਂ ਕਰਦੇ। ਅਸੀਂ ਰਾਸ਼ਟਰਪਤੀ ਦੇ ਅਹੁਦੇ ਦਾ ਸਨਮਾਨ ਕਰਦੇ ਹਾਂ ਪਰ ਸਾਡੀ ਰਾਸ਼ਟਰਪਤੀ ਕਿਹੋ ਜਿਹੀ ਦਿਖਾਈ ਦਿੰਦੀ ਹੈ?

 

ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਰੀ ਨੇ ਇਸ ਬਿਆਨ ਲਈ ਮੁਆਫ਼ੀ ਮੰਗੀ। ਗਿਰੀ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਮੇਰਾ ਮਤਲਬ ਮਾਣਯੋਗ ਰਾਸ਼ਟਰਪਤੀ ਦਾ ਅਪਮਾਨ ਕਰਨਾ ਨਹੀਂ ਸੀ। ਮੈਂ ਸਿਰਫ਼ ਭਾਜਪਾ ਆਗੂਆਂ ਵੱਲੋਂ ਆਪਣੇ ’ਤੇ ਹਮਲਾ ਕਰਨ ਵਾਲੇ ਬਿਆਨਾਂ ਦਾ ਜਵਾਬ ਦੇ ਰਿਹਾ ਸੀ। ਹਰ ਰੋਜ਼ ਮੈਂ ਆਪਣੀ ਦਿੱਖ ਕਾਰਨ ਜ਼ੁਬਾਨੀ ਹਮਲੇ ਦਾ ਸ਼ਿਕਾਰ ਹੋ ਰਿਹਾ ਹਾਂ। ਜੇ ਕਿਸੇ ਨੂੰ ਲੱਗਦਾ ਹੈ ਕਿ ਮੈਂ ਰਾਸ਼ਟਰਪਤੀ ਦਾ ਨਿਰਾਦਰ ਕੀਤਾ ਹੈ ਤਾਂ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ। ਮੈਂ ਦੇਸ਼ ਦੇ ਰਾਸ਼ਟਰਪਤੀ ਦਾ ਬਹੁਤ ਸਤਿਕਾਰ ਕਰਦਾ ਹਾਂ। ਤ੍ਰਿਣਮੂਲ ਦੇ 63 ਸਾਲਾ ਵਿਧਾਇਕ ਗਿਰੀ ਨੇ ਕਿਹਾ ਕਿ ਮੈਂ ਬਜ਼ੁਰਗ ਹਾਂ। ਗਲਤੀ ਨਾਲ ਮੈਂ ਗੁੱਸੇ ਕਾਰਨ ਉਕਤ ਬਿਆਨ ਦੇ ਦਿੱਤਾ। ਭਾਜਪਾ ਵਰਕਰਾਂ ਨੇ ਕੋਲਕਾਤਾ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਰੈਲੀਆਂ ਕੱਢ ਕੇ ਗਿਰੀ ਨੂੰ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News