ਬੰਗਾਲ ''ਚ ਵੋਟਿੰਗ ਦਾ ਟੁੱਟਿਆ ਰਿਕਾਰਡ, ਪਹਿਲੇ ਪੜਾਅ ''ਚ 91.78% ਹੋਈ ਬੰਪਰ ਵੋਟਿੰਗ
Thursday, Apr 23, 2026 - 08:59 PM (IST)
ਕੋਲਕਾਤਾ/ਚੇਨਈ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਉਂਦੇ ਹੋਏ ਇਤਿਹਾਸ ਰਚ ਦਿੱਤਾ ਹੈ। ਬੰਗਾਲ ਵਿੱਚ ਰਿਕਾਰਡ 91.78 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ, ਜੋ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇਸੇ ਤਰ੍ਹਾਂ ਤਾਮਿਲਨਾਡੂ ਵਿੱਚ ਵੀ ਭਾਰੀ ਗਰਮੀ ਦੇ ਬਾਵਜੂਦ 84.35 ਫੀਸਦੀ ਰਿਕਾਰਡ ਵੋਟਿੰਗ ਹੋਈ ਹੈ।
ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕੂਚ ਬਿਹਾਰ ਵਿੱਚ 92 ਫੀਸਦੀ, ਉੱਤਰ ਦਿਨਾਜਪੁਰ ਵਿੱਚ 90 ਫੀਸਦੀ ਅਤੇ ਦੱਖਣੀ ਦਿਨਾਜਪੁਰ ਵਿੱਚ ਸਭ ਤੋਂ ਵੱਧ 93 ਫੀਸਦੀ ਤੋਂ ਜ਼ਿਆਦਾ ਵੋਟਿੰਗ ਹੋਈ ਹੈ। ਇਹ ਸਾਲ 1952 ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਵੋਟਿੰਗ ਫੀਸਦੀ ਮੰਨਿਆ ਜਾ ਰਿਹਾ ਹੈ।
ਰਿਕਾਰਡ ਵੋਟਿੰਗ ਦੇ ਨਾਲ-ਨਾਲ ਬੰਗਾਲ ਵਿੱਚ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਬੀਰਭੂਮ ਦੇ ਖੈਰਾਸ਼ੋਲ ਇਲਾਕੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਨਾਲ ਕੁੱਟਮਾਰ ਅਤੇ ਵਾਹਨਾਂ ਦੀ ਭੰਨ-ਤੋੜ ਦੀਆਂ ਖਬਰਾਂ ਮਿਲੀਆਂ ਹਨ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ EVM ਵਿੱਚ TMC ਦਾ ਬਟਨ ਦਬਾਉਣ 'ਤੇ ਵੋਟ ਭਾਜਪਾ ਨੂੰ ਜਾ ਰਹੀ ਸੀ, ਜਿਸ ਕਾਰਨ ਕਈ ਬੂਥਾਂ 'ਤੇ ਪ੍ਰਦਰਸ਼ਨ ਹੋਏ ਅਤੇ ਵੋਟਿੰਗ ਵੀ ਰੋਕਣੀ ਪਈ।
ਬੰਪਰ ਵੋਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ, ਜਦਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੜ TMC ਦੀ ਸਰਕਾਰ ਬਣਨ ਦਾ ਭਰੋਸਾ ਜਤਾਇਆ ਹੈ। ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੇ ਵੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਬਦਲਾਅ ਦੀ ਹਵਾ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਬੰਗਾਲ ਵਿੱਚ ਦੂਜੇ ਪੜਾਅ ਦੀ ਵੋਟਿੰਗ 29 ਅਪ੍ਰੈਲ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਜਾਵੇਗੀ।
