ਜੰਮੂ ਕਸ਼ਮੀਰ 'ਚ ਬਾਇਓਮੈਟ੍ਰਿਕ ਹਾਜ਼ਰੀ ਦਾ ਹੋ ਰਿਹੈ ਲਾਭ, ਸਕੂਲਾਂ 'ਚ ਅਧਿਆਪਕ ਹੋਏ ਸਮੇਂ ਦੇ ਪਾਬੰਦ
Monday, Sep 05, 2022 - 04:52 PM (IST)
ਜੰਮੂ- ਸਿੱਖਿਆ ਦੇ ਖੇਤਰ 'ਚ ਸੁਧਾਰ ਲਿਆਉਣ ਲਈ ਜੰਮੂ ਕਸ਼ਮੀਰ ਸਰਕਾਰ ਕਾਫ਼ੀ ਕੋਸ਼ਿਸ਼ ਕਰ ਰਹੀ ਹੈ। ਇਸ ਦਿਸ਼ਾ 'ਚ ਸਰਕਾਰ ਵਲੋਂ ਉਠਾਇਆ ਗਿਆ ਸਭ ਤੋਂ ਮਹੱਤਵਪੂਰਨ ਕਦਮ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਹੈ। ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਗੈਰ-ਮੌਜੂਦਗੀ ਸਭ ਤੋਂ ਗੰਭੀਰ ਮੁੱਦਾ ਰਹਿੰਦੀ ਹੈ। ਗ੍ਰਾਮੀਣ ਅਤੇ ਦੂਰ ਦੇ ਖੇਤਰਾਂ 'ਚ ਇਹ ਸਮੱਸਿਆ ਕਾਫ਼ੀ ਰਹਿੰਦੀ ਹੈ। ਸਕੂਲਾਂ 'ਚ ਅਧਿਆਪਕਾਂ ਦੀ ਹਾਜ਼ਰੀ ਨਾਮਾਤਰ ਹੁੰਦੀ ਹੈ। ਇਸ ਸੰਦਰਭ 'ਚ ਲੋਕ ਕਾਫ਼ੀ ਵਾਰ ਸ਼ਿਕਾਇਤ ਵੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਕੂਲ 8 ਵਜੇ ਸ਼ੁਰੂ ਹੁੰਦਾ ਹੈ ਤਾਂ ਅਧਿਆਪਕ 10 ਅਤੇ 10.30 ਵਜੇ ਤੋਂ ਪਹਿਲਾਂ ਸਕੂਲ ਨਹੀਂ ਆਉਂਦੇ ਹਨ ਅਤੇ ਛੁੱਟੀ ਹੋਣ ਤੋਂ ਪਹਿਲਾਂ ਹੀ ਚਲੇ ਜਾਂਦੇ ਹਨ।
ਸਿਰਫ਼ ਇਹੀ ਨਹੀਂ ਸਗੋਂ ਕਈ ਵਾਰ ਦੋਸ਼ ਇਹ ਵੀ ਲੱਗਦੇ ਹਨ ਕਿ ਅਧਿਆਪਕ ਵੈਕਲਪਿਕ ਦਿਨਾਂ 'ਚ ਸਕੂਲ ਆਉਂਦੇ ਹਨ। ਜੇਕਰ ਇਕ ਅਧਿਆਪਕ ਗੈਰ-ਹਾਜ਼ਰ ਹੈ ਤਾਂ ਦੂਜਾ ਉਸ ਦੀ ਜਗ੍ਹਾ ਲੈਂਦਾ ਹੈ ਅਤੇ ਫਿਰ ਬਾਅਦ 'ਚ ਉਹ ਛੁੱਟੀ ਕਰ ਲੈਂਦਾ ਹੈ। ਸਿਰਫ਼ ਇਹੀ ਨਹੀਂ ਸਗੋਂ ਅਧਿਆਪਕਾਂ ਦੀ ਰਾਜਨੀਤਕ ਅਪ੍ਰੋਚ ਵੀ ਉਨ੍ਹਾਂ ਨੂੰ ਲਾਭ ਦਿੰਦੀ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਸਰਕਾਰ ਨੇ ਸਕੂਲਾਂ 'ਚ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਸ਼ੁਰੂ ਕੀਤੀ। ਪ੍ਰਾਇਮਰੀ ਤੋਂ 12ਵੀਂ ਤੱਕ ਅਤੇ ਕਾਲਜ ਅਤੇ ਯੂਨੀਵਰਸਿਟੀਜ਼ 'ਚ ਇਹ ਕਾਮਯਾਬ ਹੋਈ ਹੈ। ਇਸ ਹਾਜ਼ਰੀ ਪ੍ਰਣਾਲੀ ਨਾਲ ਉਂਗਲੀ ਦੇ ਨਿਸ਼ਾਨ ਨਾਲ ਹੀ ਹਾਜ਼ਰੀ ਲੱਗਦੀ ਹੈ ਅਤੇ ਅਜਿਹੇ 'ਚ ਅਧਿਆਪਕਾਂ ਨੂੰ ਹੁਣ ਡਿਊਟੀ ਦਾ ਪਾਬੰਦ ਹੋਣਾ ਪੈ ਰਿਹਾ ਹੈ। ਦੂਰ ਦੇ ਇਕ ਵਾਸੀ ਮੁਹੰਮਦ ਯਾਕੂਬ ਅਨੁਸਾਰ ਹੁਣ ਅਧਿਆਪਕ ਰੋਜ਼ 7 ਵਜੇ ਹੀ ਸਕੂਲਾਂ ਨੂੰ ਦੌੜਨ ਲੱਗਦੇ ਹਨ। ਉਨ੍ਹਾਂ ਕੋਲ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ ਹੈ। ਇਹ ਚੰਗਾ ਹੈ। ਇਕ ਸੀਨੀਅਰ ਅਧਿਕਾਰੀ ਅਨੁਸਾਰ ਅਧਿਆਪਕ ਜੇਕਰ ਸਕੂਲ ਦੇਰ ਨਾਲ ਆਉਂਦਾ ਹੈ ਤਾਂ ਮਸ਼ੀਨ 'ਚ ਉਸ ਦੇ ਦੇਰ ਨਾਲ ਆਉਣ ਦੇ ਘੰਟੇ ਨੋਟ ਹੋ ਜਾਂਦੇ ਹਨ ਅਤੇ ਫਿਰ ਉਸ ਦੀ ਤਨਖਾਹ 'ਚ ਉਹ ਕੱਟ ਲੱਗ ਜਾਂਦਾ ਹੈ।