ਬਾਟਲਾ ਹਾਊਸ ਐਨਕਾਊਂਟਰ: ਮੌਤ ਦੀ ਸਜ਼ਾ ਵਿਰੁੱਧ ਦਿੱਲੀ ਹਾਈ ਕੋਰਟ ਪੁੱਜਾ ਆਰਿਜ਼ ਖਾਨ

Sunday, Jul 25, 2021 - 11:21 AM (IST)

ਨਵੀਂ ਦਿੱਲੀ- ਦਿੱਲੀ ਦੇ ਬਹੁਚਰਚਿੱਤ ਬਾਟਲਾ ਐਨਕਾਊਂਟਰ ਮਾਮਲੇ ਦੇ ਦੋਸ਼ੀ ਆਰਿਜ਼ ਖਾਨ ਨੇ ਇਕ ਹੇਠਲੀ ਅਦਾਲਤ ਵਲੋਂ 15 ਮਾਰਚ 2021 ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਉਸ ਨੇ ਆਪਣੇ ਵਕੀਲ ਐੱਮ. ਐੱਸ. ਖਾਨ ਰਾਹੀਂ ਇਸ ਸਾਲ ਮਾਰਚ ਵਿਚ ਸਾਕੇਤ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਵਿਰੁੱਧ ਅਪੀਲ ਦਾਇਰ ਕੀਤੀ ਹੈ।

ਸਾਕੇਤ ਅਦਾਲਤ ਨੇ ਉਸ ਨੂੰ ਆਈ.ਪੀ.ਸੀ. ਦੀ ਧਾਰਾ 156, 333, 353, 302, 174 ਏ, 1860 ਅਤੇ ਅਸਲਾ ਐਕਟ 1959 ਦੀ ਵਿਵਸਥਾ ਅਧੀਨ ਦੋਸ਼ੀ ਠਹਿਰਾਇਆ ਸੀ। ਸਾਕੇਤ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਯਾਦਵ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਆਰੀਜ਼ ਖਾਨ ਅਤੇ ਹੋਰਨਾਂ ਨੇ ਜਾਣ ਬੁੱਝ ਕੇ ਐਨਕਾਊਂਟਰ ਸਪੈਸ਼ਲਿਸਟ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਹੱਤਿਆ ਕੀਤੀ ਅਤੇ ਹੈੱਡ ਕਾਂਸਟੇਬਲ ਬਲੰਵਤ ਸਿੰਘ ਅਤੇ ਰਾਜਵੀਰ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਹੇਠਲੀ ਅਦਾਲਤ ਨੇ ਦੋਸ਼ੀ ਵਿਰੁੱਧ 11 ਲੱਖ ਰੁਪਏ ਦਾ ਜੁਰਮਾਨਾ ਵੀ ਲਾਉਂਦੇ ਹੋਏ ਨਿਰਦੇਸ਼ ਦਿੱਤਾ ਸੀ ਕਿ ਜੁਰਮਾਨੇ ਦੀ ਰਕਮ ਵਿਚੋਂ 10 ਲੱਖ ਰੁਪਏ ਮ੍ਰਿਤਕ ਮੋਹਨ ਚੰਦ ਸ਼ਰਮਾ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤੇ ਜਾਣ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਕਾਫੀ ਭਾਲ ਪਿੱਛੋਂ ਆਰੀਜ਼ ਖਾਨ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਸੀ।


Tanu

Content Editor

Related News