ਬੰਗਲਾਦੇਸ਼ ਭਾਰਤ ਦੇ ਸੀਰਮ ਇੰਸਟੀਚਿਊਟ ਤੋਂ ਖਰੀਦੇਗਾ ਕੋਰੋਨਾ ਦੇ 3 ਕਰੋੜ ਵੈਕਸੀਨ
Friday, Nov 06, 2020 - 11:15 AM (IST)
ਢਾਕਾ- ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਣ ਲਈ ਕਈ ਦੇਸ਼ਾਂ ਵਿਚ ਟੀਕੇ ਦੀ ਖੋਜ ਦਾ ਕੰਮ ਯੁੱਧ ਪੱਧਰ 'ਤੇ ਹੋ ਰਿਹਾ ਹੈ ਅਤੇ ਅਗਲੇ ਕੁਝ ਮਹੀਨਿਆਂ ਤੱਕ ਇਸ ਦੇ ਬਾਜ਼ਾਰ ਵਿਚ ਵੀ ਆ ਜਾਣ ਦੀ ਉਮੀਦ ਹੈ। ਟੀਕੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਟੀਕੇ ਦੇ ਆਉਣ ਤੋਂ ਪਹਿਲਾਂ ਹੀ ਵਧੇਰੇ ਦੇਸ਼ ਕਰਾਰ ਕਰਨ ਲੱਗ ਗਏ ਹਨ। ਹੁਣ ਬੰਗਲਾਦੇਸ਼ ਨੇ ਭਾਰਤ ਨਾਲ ਕੋਰੋਨਾ ਵਾਇਰਸ ਦੀ 3 ਕਰੋੜ ਖੁਰਾਕਾਂ ਨੂੰ ਲੈ ਕੇ ਕਰਾਰ ਕੀਤਾ ਹੈ।
ਬੰਗਲਾਦੇਸ਼ ਸਰਕਾਰ ਨੇ ਐਸਟ੍ਰਾਜੇਨੇਕਾ ਵਲੋਂ ਵਿਕਸਿਤ ਕੀਤੀ ਜਾ ਰਹੀ ਆਕਸਫੋਰਡ ਯੂਨੀਵਰਿਸਟੀ ਦੀ ਵੈਕਸੀਨ ਦੀਆਂ 3 ਕਰੋੜ ਖੁਰਾਕ ਹਾਸਲ ਕਰਨ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਪ੍ਰਾਈਵੇਟ ਲਿਮਿਟਡ ਅਤੇ ਬੇਕਸੀਮੇਕੋ ਫਾਰਮਾਸਿਊਟਿਕਲਸ ਨਾਲ ਇਕ ਸਮਝੌਤੇ (ਐੱਮ. ਓ. ਯੂ.) 'ਤੇ ਦਸਤਖ਼ਤ ਕੀਤੇ ਹਨ।
ਬੰਗਲਾਦੇਸ਼ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ, ਬੈਕਸੀਮੇਕੋ ਫਾਰਮਾਸਿਊਟੀਕਲਸ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਢਾਕਾ ਵਿਚ ਇਕ ਕਰਾਰ 'ਤੇ ਦਸਤਖ਼ਤ ਕੀਤੇ। ਇਸ ਮੌਕੇ ਬੰਗਲਾਦੇਸ਼ ਦੇ ਸਿਹਤ ਮੰਤਰੀ ਜਾਹਿਦ ਮਾਲਿਕ, ਢਾਕਾ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਅਤੇ ਬੇਕਸੀਮੇਕੋ ਫਾਰਮਾਸਿਊਟੀਕਲਸ ਦੇ ਪ੍ਰਬੰਧ ਨਿਰਦੇਸ਼ਕ ਨਜਮੁਲ ਹਸਨ ਪਾਪੋਨ ਮੌਜੂਦ ਸਨ। ਦੋਹਾਂ ਪੱਖਾਂ ਵਿਚਕਾਰ ਹੋਏ ਕਰਾਰ ਮੁਤਾਬਕ ਸੀਰਮ ਇੰਸਟੀਚਿਊਟ ਬੇਕਸੀਮੇਕੋ ਫਾਰਮਾਸਿਊਟਿਕਲਸ ਲਿਮਿਟਡ ਨੂੰ ਕੋਰੋਨਾ ਵੈਕਸੀਨ ਦੇਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਇਕ ਵਾਰ ਟੀਕਾ ਵਿਕਸਿਤ ਹੋਣ ਦੇ ਬਾਅਦ ਸੀਰਮ ਇੰਸਟੀਚਿਊਟ ਪਹਿਲੇ ਪੜਾਅ ਤਹਿਤ 3 ਕਰੋੜ ਖੁਰਾਕ ਦੇਵੇਗਾ ਤੇ ਬੀ. ਪੀ. ਐੱਲ. ਇਸ ਨੂੰ ਬੰਗਲਾਦੇਸ਼ ਵਿਚ ਲੈ ਆਵੇਗਾ। ਡਿਲਵਰੀ ਦੀ ਲਾਗਤ 5 ਅਮਰੀਕੀ ਡਾਲਰ ਭਾਵ 425 ਬੰਗਲਾਦੇਸ਼ੀ ਟਕਾ ਪ੍ਰਤੀ ਖੁਰਾਕ 'ਤੇ ਹੋਵੇਗੀ।