ਵਿਦਿਆਰਥੀ ਵੀਜ਼ਾ ਦੀ ਦੁਰਵਰਤੋਂ ’ਤੇ ਆਸਟ੍ਰੇਲੀਆ ਸਰਕਾਰ ਸਖ਼ਤ, ਗ੍ਰੈਜੂਏਟ ਡਿਪਲੋਮਾ ਕੋਰਸ ’ਤੇ ਰੋਕ
Friday, Sep 04, 2026 - 12:23 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਵਿਦਿਆਰਥੀ ਵੀਜ਼ਾ ਪ੍ਰਣਾਲੀ ਦੀ ਕਥਿਤ ਦੁਰਵਰਤੋਂ ਦੇ ਸ਼ੱਕ ਹੇਠ ਗ੍ਰੈਜੂਏਟ ਡਿਪਲੋਮਾ ਆਫ਼ ਮੈਨੇਜਮੈਂਟ (ਲਰਨਿੰਗ) ਕੋਰਸ ਵਿੱਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਵੱਲੋਂ ਕੋਰਸ ਰੱਦ ਕਰਨ ਸਬੰਧੀ ਇਹ ਸਭ ਤੋ ਵੱਡਾ ਸਖਤ ਫੈ਼ਸਲਾ ਕਿਹਾ ਜਾ ਸਕਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਕੋਰਸ ਵਿੱਚ ਹੋਰ ਕੋਰਸਾਂ ਤੋਂ ਤਬਦੀਲ ਹੋ ਕੇ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 2020 ਵਿੱਚ 510 ਤੋਂ ਵੱਧ ਕੇ 2025 ਵਿੱਚ ਲਗਭਗ 4,000 ਹੋ ਗਈ। ਇਨ੍ਹਾਂ ਵਿੱਚੋਂ ਕਰੀਬ 77 ਫ਼ੀਸਦੀ ਵਿਦਿਆਰਥੀ ਉੱਚ ਸਿੱਖਿਆ ਦੇ ਹੋਰ ਕੋਰਸਾਂ ਤੋਂ ਤਬਦੀਲ ਹੋਏ ਸਨ।
ਸਰਕਾਰ ਨੂੰ ਸ਼ੱਕ ਹੈ ਕਿ ਕੁਝ ਵਿਦਿਆਰਥੀ ਇਸ ਕੋਰਸ ਦੀ ਵਰਤੋਂ ਪੜ੍ਹਾਈ ਕਰਨ ਦੀ ਬਜਾਏ ਆਸਟ੍ਰੇਲੀਆ ਵਿੱਚ ਰਹਿਣ ਅਤੇ ਵੀਜ਼ਾ ਦਰਜਾ ਕਾਇਮ ਰੱਖਣ ਲਈ ਕਰ ਰਹੇ ਸਨ। 2025 ਵਿੱਚ ਇਨਾਂ ਕੋਰਸ ਲਈ ਮਨਜ਼ੂਰ ਕੀਤੇ ਗਏ ਲਗਭਗ ਅੱਧੇ ਵਿਦਿਆਰਥੀਆਂ ਨੇ ਕੋਰਸ ਸ਼ੁਰੂ ਹੀ ਨਹੀਂ ਕੀਤਾ, ਜਦਕਿ ਕੋਰਸ ਪੂਰਾ ਕਰਨ ਦੀ ਦਰ ਵੀ ਹੋਰ ਕੋਰਸਾਂ ਦੇ ਮੁਕਾਬਲੇ ਕਾਫ਼ੀ ਘੱਟ ਰਹੀ। ਇਸ ਵੇਲੇ ਇਨ੍ਹਾਂ ਕੋਰਸ ਨਾਲ ਸਬੰਧਤ 41,033 ਦਾਖ਼ਲੇ ਹਨ, ਜਿਨ੍ਹਾਂ ਵਿੱਚੋਂ 15,772 ਵਿਦਿਆਰਥੀ ਇਸ ਸਮੇਂ ਪੜ੍ਹਾਈ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- FBI ਦੀ ਵੱਡੀ ਕਾਰਵਾਈ, ਭਾਰਤੀ ਮੂਲ ਦਾ ਵਿਅਕਤੀ ਧੋਖਾਧੜੀ ਵਾਲੀ ਮੋਸਟ-ਵਾਂਟੇਡ ਸੂਚੀ 'ਚ ਸ਼ਾਮਲ
ਹਾਲਾਂਕਿ, ਜਿਹੜੇ ਵਿਦਿਆਰਥੀ ਪਹਿਲਾਂ ਹੀ ਕੋਰਸ ਸ਼ੁਰੂ ਕਰ ਚੁੱਕੇ ਹਨ, ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ। ਸਰਕਾਰ ਨੇ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਸੰਸਥਾਵਾਂ ਅਤੇ ਸਿੱਖਿਆ ਏਜੰਟਾਂ ਨੂੰ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਰਤੀ ਅਤੇ ਨਵੇਂ ਦਾਖ਼ਲੇ ਕਰਨ ਤੋਂ ਰੋਕ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਸਿੱਖਿਆ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਆਸਟ੍ਰੇਲੀਆ ਨੂੰ ਭਰੋਸੇਯੋਗ ਵਿਸ਼ਵ ਪੱਧਰੀ ਮਿਆਰੀ ਸਿੱਖਿਆ ਦੇਸ਼ ਵਜੋਂ ਕਾਇਮ ਰੱਖਣਾ ਅਤੇ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣਾ ਹੈ। ਸਰਕਾਰ ਮੁਤਾਬਕ ਇਹ ਕਦਮ ਦੇਸ਼ ਵਿੱਚ ਮਾਈਗ੍ਰੇਸ਼ਨ ਦੇ ਪੱਧਰ ਨੂੰ ਘਟਾਉਣ ਲਈ ਕੀਤੀਆਂ ਜਾ ਰਹੀਆਂ ਵਿਆਪਕ ਕੋਸ਼ਿਸ਼ਾਂ ਦਾ ਹਿੱਸਾ ਵੀ ਹੈ। ਫੈਡਰਲ ਕੈਬਨਿਟ ਨੇ ਉਨ੍ਹਾਂ ਲੋਕਾਂ ਦੇ ਕੰਮ ਕਰਨ ਦੇ ਅਧਿਕਾਰ ਖਤਮ ਕਰਨ ਬਾਰੇ ਵੀ ਵਿਚਾਰ ਕੀਤਾ ਸੀ, ਜਿਨ੍ਹਾਂ ਦੀ ਸੁਰੱਖਿਆ (ਪ੍ਰੋਟੈਕਸ਼ਨ) ਵੀਜ਼ਾ ਅਰਜ਼ੀ ਰੱਦ ਹੋ ਚੁੱਕੀ ਹੈ।
ਤਾਜਾ ਅੰਕੜਿਆ ਮੁਤਾਬਕ ਆਸਟ੍ਰੇਲੀਆ ਵਿੱਚ ਬ੍ਰਿਜਿੰਗ ਵੀਜ਼ਾ ’ਤੇ ਰਹਿ ਰਹੇ ਲੋਕਾਂ ਦੀ ਗਿਣਤੀ 2017 ਵਿੱਚ 130,450 ਸੀ, ਜੋ 2026 ਵਿੱਚ ਵੱਧ ਕੇ 413,000 ਹੋ ਗਈ ਹੈ।ਆਸਟ੍ਰੇਲੀਆ ਦੀ ਲੇਬਰ ਸਰਕਾਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘਟਾਉਣ ਲਈ ਵੀਜ਼ਾ ਪ੍ਰਕਿਰਿਆਵਾਂ ਅਤੇ ਨਿਯਮਾਂ ਨੂੰ ਹੋਰ ਸਖ਼ਤ ਕਰ ਰਹੀ ਹੈ। ਸਰਕਾਰ ਦਾ ਟੀਚਾ ਮੌਜੂਦਾ ਲਗਭਗ ਨੈੱਟ ਓਵਰਸੀਜ਼ ਮਾਈਗ੍ਰੇਸ਼ਨ 3 ਲੱਖ ਸਾਲਾਨਾ ਨੂੰ 2027-28 ਤੱਕ ਘਟਾ ਕੇ 2.25 ਲੱਖ ਦੇ ਪੱਧਰ ’ਤੇ ਲਿਆਉਣ ਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
