ਬੰਗਲਾਦੇਸ਼ ਐਮਪੀ ਕਤਲ ਕੇਸ: ਕਸਾਈ ਗ੍ਰਿਫ਼ਤਾਰ, ਲਾਸ਼ ਦੇ ਟੁਕੜੇ ਲੱਭਣ ''ਚ ਮੁਲਜ਼ਮ ਦੀ ਲਈ ਜਾ ਰਹੀ ਮਦਦ

Friday, May 24, 2024 - 10:10 PM (IST)

ਬੰਗਲਾਦੇਸ਼ ਐਮਪੀ ਕਤਲ ਕੇਸ: ਕਸਾਈ ਗ੍ਰਿਫ਼ਤਾਰ, ਲਾਸ਼ ਦੇ ਟੁਕੜੇ ਲੱਭਣ ''ਚ ਮੁਲਜ਼ਮ ਦੀ ਲਈ ਜਾ ਰਹੀ ਮਦਦ

ਕੋਲਕਾਤਾ - ਪੱਛਮੀ ਬੰਗਾਲ ਸੀਆਈਡੀ ਨੇ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ "ਕਤਲ" ਵਿੱਚ ਸ਼ਾਮਲ ਹੋਣ ਲਈ ਰਾਜ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੋਨਗਾਂਵ ਖੇਤਰ ਤੋਂ ਪੇਸ਼ੇ ਤੋਂ ਇੱਕ ਕਸਾਈ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦਾਅਵਾ ਕੀਤਾ ਕਿ ਪੇਸ਼ੇ ਤੋਂ ਕਸਾਈ ਵਿਅਕਤੀ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਅਤੇ ਫਿਰ ਸਰੀਰ ਦੇ ਅੰਗਾਂ ਨੂੰ ਵੱਖ-ਵੱਖ ਥਾਵਾਂ 'ਤੇ ਡਿਸਪੋਜ਼ ਕਰਨ 'ਚ ਹੋਰ ਦੋਸ਼ੀਆਂ ਦੀ ਮਦਦ ਕੀਤੀ ਸੀ। ਬੰਗਾਲ ਪੁਲਸ ਨੇ ਬੁੱਧਵਾਰ ਨੂੰ ਬੰਗਲਾਦੇਸ਼ ਦੇ ਝਿਨਾਇਦਾਹ-4 ਖੇਤਰ ਤੋਂ ਅਵਾਮੀ ਲੀਗ ਦੇ ਸੰਸਦ ਮੈਂਬਰ ਅਨਾਰ ਦੇ ਕੋਲਕਾਤਾ ਤੋਂ 13 ਮਈ ਨੂੰ ਲਾਪਤਾ ਹੋਣ ਤੋਂ ਬਾਅਦ ਹੱਤਿਆ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਸੀਆਈਡੀ ਟੀਮ ਸ਼ੁੱਕਰਵਾਰ ਨੂੰ ਗ੍ਰਿਫਤਾਰ ਵਿਅਕਤੀ ਨੂੰ ਭੰਗਰ ਖੇਤਰ ਲੈ ਗਈ, ਜਿੱਥੇ ਸਰੀਰ ਦੇ ਕੱਟੇ ਹੋਏ ਅੰਗਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਪਾ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ ਗਿਆ ਸੀ।

ਪੁਲਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, “ਮੁਲਜ਼ਮ ਬੰਗਲਾਦੇਸ਼ੀ ਨਾਗਰਿਕ ਹੈ ਅਤੇ ਪੇਸ਼ੇ ਤੋਂ ਕਸਾਈ ਹੈ। ਉਹ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋਇਆ ਸੀ ਅਤੇ ਆਪਣੀ ਅਸਲ ਪਛਾਣ ਛੁਪਾ ਕੇ ਮੁੰਬਈ ਵਿੱਚ ਰਹਿ ਰਿਹਾ ਸੀ।'' ਉਨ੍ਹਾਂ ਕਿਹਾ, ''ਕਸਾਈ ਨੂੰ ਅਨਾਰ ਦੀ ਹੱਤਿਆ ਦੀ ਸਾਜ਼ਿਸ਼ ਦੇ ਤਹਿਤ ਕੁਝ ਮਹੀਨੇ ਪਹਿਲਾਂ ਕੋਲਕਾਤਾ ਬੁਲਾਇਆ ਗਿਆ ਸੀ। ਦੋਸ਼ੀ ਨੇ ਮੰਨਿਆ ਹੈ ਕਿ ਉਸ ਨੇ ਫਲੈਟ ਦੇ ਅੰਦਰ ਰਾਜਨੇਤਾ ਦਾ ਕਤਲ ਕਰਨ ਵਾਲੇ ਚਾਰ ਲੋਕਾਂ ਦੀ ਮਦਦ ਕੀਤੀ ਸੀ। ਉਸ ਨੇ ਲਾਸ਼ ਦੀ ਖੱਲ ਕੱਟਣ ਅਤੇ ਟੁਕੜਿਆਂ ਵਿਚ ਕੱਟਣ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ।'' ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਨੂੰ ਅੱਜ ਬਾਰਾਸਾਤ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 12 ਦਿਨਾਂ ਲਈ ਸੀਆਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੀਆਈਡੀ ਅਧਿਕਾਰੀਆਂ ਦੀ ਟੀਮ ਭਾਂਗਰ ਦੇ ਪਿੰਡ ਕ੍ਰਿਸ਼ਨਾਮਾਤੀ ਵਿੱਚ ਮ੍ਰਿਤਕ ਦੇ ਸਰੀਰ ਦੇ ਅੰਗਾਂ ਦੀ ਭਾਲ ਵਿੱਚ ਲੱਗੀ ਹੋਈ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦਾ ਬਦਲਿਆ ਮਿਜਾਜ਼; ਤੇਜ਼ ਹਨ੍ਹੇਰੀ ਤੋਂ ਬਾਅਦ ਹੋਈ ਬਾਰਿਸ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਸੰਸਦ ਮੈਂਬਰ ਦੇ ਕਰੀਬੀ ਦੋਸਤ ਅਤੇ ਅਮਰੀਕੀ ਨਾਗਰਿਕ ਅਖਤਰੁੱਜ਼ਮਾਨ ਨੇ ਅਪਰਾਧ 'ਚ ਸ਼ਾਮਲ ਲੋਕਾਂ ਨੂੰ ਕਰੀਬ 5 ਕਰੋੜ ਰੁਪਏ ਦਿੱਤੇ ਸਨ। ਉਨ੍ਹਾਂ ਕਿਹਾ, "ਅਪਰਾਧ ਬਾਰੇ ਸਪੱਸ਼ਟ ਜਾਣਕਾਰੀ ਪ੍ਰਾਪਤ ਕਰਨ ਲਈ, ਅਸੀਂ ਉਸ (ਕਸਾਈ) ਤੋਂ ਪੁੱਛ-ਗਿੱਛ ਕਰਾਂਗੇ ਕਿ ਉਹ ਅਮਰੀਕਾ ਵਿੱਚ ਰਹਿਣ ਵਾਲੇ ਅਨਾਰ ਦੇ ਦੋਸਤ ਦੇ ਸੰਪਰਕ ਵਿੱਚ ਕਿਵੇਂ ਆਇਆ ਅਤੇ ਉਸ ਦੇ ਸਾਥੀ ਕੌਣ ਸਨ।" ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ ਸੀਆਈਡੀ ਦੀ ਇੱਕ ਟੀਮ ਇਸ ਮਾਮਲੇ ਵਿੱਚ ਬੰਗਲਾਦੇਸ਼ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਲਈ ਵੀਰਵਾਰ ਨੂੰ ਬੰਗਲਾਦੇਸ਼ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਸੰਸਦ ਮੈਂਬਰ ਦੇ ਦੋਸਤ ਦਾ ਕੋਲਕਾਤਾ ਵਿੱਚ ਇੱਕ ਫਲੈਟ ਹੈ ਅਤੇ ਉਹ ਸ਼ਾਇਦ ਇਸ ਸਮੇਂ ਅਮਰੀਕਾ ਵਿੱਚ ਹੈ। 

ਪੁਲਸ ਨੇ ਦਾਅਵਾ ਕੀਤਾ ਕਿ ਹਾਲਾਤ ਦੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਸੰਸਦ ਮੈਂਬਰ ਦੀ ਪਹਿਲਾਂ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ ਅਤੇ ਫਿਰ ਲਾਸ਼ ਦੇ ਟੁਕੜੇ ਕਰ ਦਿੱਤੇ ਗਏ ਸਨ। ਲਾਪਤਾ ਸਾਂਸਦ ਕਥਿਤ ਤੌਰ 'ਤੇ ਇਲਾਜ ਲਈ 12 ਮਈ ਨੂੰ ਕੋਲਕਾਤਾ ਪਹੁੰਚਿਆ ਸੀ। ਉਸ ਦੀ ਭਾਲ ਛੇ ਦਿਨਾਂ ਬਾਅਦ ਉਦੋਂ ਸ਼ੁਰੂ ਹੋਈ ਜਦੋਂ ਉੱਤਰੀ ਕੋਲਕਾਤਾ ਦੇ ਬਾਰਾਨਗਰ ਦੇ ਵਸਨੀਕ ਅਤੇ ਬੰਗਲਾਦੇਸ਼ੀ ਰਾਜਨੇਤਾ ਦੇ ਜਾਣਕਾਰ ਗੋਪਾਲ ਬਿਸਵਾਸ ਨੇ 18 ਮਈ ਨੂੰ ਸਥਾਨਕ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇੱਥੇ ਆਉਣ ਤੋਂ ਬਾਅਦ ਅਨਾਰ ਵਿਸ਼ਵਾਸ ਦੇ ਘਰ ਰੁਕਿਆ। ਆਪਣੀ ਸ਼ਿਕਾਇਤ ਵਿੱਚ ਵਿਸ਼ਵਾਸ ਨੇ ਕਿਹਾ ਕਿ ਅਨਾਰ 13 ਮਈ ਦੀ ਦੁਪਹਿਰ ਨੂੰ ਡਾਕਟਰ ਨੂੰ ਮਿਲਣ ਲਈ ਆਪਣੇ ਬਾਰਾਨਗਰ ਸਥਿਤ ਘਰ ਤੋਂ ਨਿਕਲਿਆ ਸੀ। ਉਸ ਨੇ ਕਿਹਾ ਕਿ ਉਹ ਰਾਤ ਦੇ ਖਾਣੇ ਲਈ ਘਰ ਵਾਪਸ ਆ ਜਾਵੇਗਾ। ਵਿਸ਼ਵਾਸ ਨੇ ਦਾਅਵਾ ਕੀਤਾ ਕਿ ਬੰਗਲਾਦੇਸ਼ ਦੇ ਸੰਸਦ ਮੈਂਬਰ ਨਾਲ 17 ਮਈ ਤੋਂ ਸੰਪਰਕ ਨਹੀਂ ਹੋਇਆ ਹੈ। ਇਸ ਕਾਰਨ ਉਸ ਨੂੰ ਇੱਕ ਦਿਨ ਬਾਅਦ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣੀ ਪਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News