ਬਾਂਦ੍ਰਾ ਸਟੇਸ਼ਨ ਮਾਮਲੇ ''ਚ ਵੱਡੀ ਕਾਰਵਾਈ, ਸਾਜਸ਼ ਰਚਣ ਵਾਲਾ ਕਾਬੂ, ਹਜ਼ਾਰ ਲੋਕਾਂ ''ਤੇ FIR

Wednesday, Apr 15, 2020 - 09:08 AM (IST)

ਮੁੰਬਈ- ਮੁੰਬਈ ਦੇ ਬਾਂਦ੍ਰਾ ਰੇਲਵੇ ਸਟੇਸ਼ਨ 'ਤੇ ਭਾਰੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ ਦੇ ਮਾਮਲੇ ਵਿਚ ਪੁਲਸ ਨੇ ਵਿਨੇ ਦੁਬੇ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਅਤੇ 1 ਹਜ਼ਾਰ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਵਿਨੇ ਨੂੰ ਨਵੀਂ ਮੁੰਬਈ ਪੁਲਸ ਨੇ ਫੜ ਕੇ ਮੁੰਬਈ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਉਸ 'ਤੇ ਲਾਕਡਾਊਨ ਦੌਰਾਨ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲੱਗੇ ਹਨ। ਉਸ ਨੇ 'ਚਲੋ ਘਰ ਵੱਲ' ਨਾਂ ਦੀ ਮੁਹਿੰਮ ਚਲਾਈ ਸੀ ਤੇ ਇਸ ਨੂੰ ਲੈ ਕੇ ਫੇਸਬੁੱਕ ਅਤੇ ਟਵਿੱਟਰ 'ਤੇ ਪੋਸਟ ਵੀ ਸਾਂਝੀ ਕੀਤੀ ਸੀ। ਮੁੰਬਈ ਪੁਲਸ ਨੇ ਇਸ ਮਾਮਲੇ ਵਿਚ 1 ਹਜ਼ਾਰ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ।
 
ਵਿਨੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕਰਕੇ ਮਹਾਰਾਸ਼ਟਰ ਸਰਕਾਰ ਨੂੰ ਮੰਗ ਕੀਤੀ ਸੀ ਕਿ ਪ੍ਰਵਾਸੀ ਕਾਮਿਆਂ ਦੇ ਘਰ ਵਾਪਸ ਜਾਣ ਦਾ ਇੰਤਜ਼ਾਮ ਕੀਤਾ ਜਾਵੇ, ਜੋ ਲਾਕਡਾਊਨ ਕਾਰਨ ਫਸੇ ਹੋਏ ਹਨ। ਉਸ ਨੇ ਇਹ ਵੀ ਕਿਹਾ ਸੀ ਕਿ ਜੇਕਰ 18 ਅਪ੍ਰੈਲ ਤਕ ਟਰੇਨ ਨਾ ਚਲਾਈ ਗਈ ਤਾਂ ਉਹ ਇਸ ਦਾ ਵਿਰੋਧ ਕਰਨਗੇ। ਉੱਥੇ ਹੀ, ਪੁਲਸ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਸੰਦੇਸ਼ਾਂ ਕਾਰਨ ਮਜ਼ਦੂਰ ਸਟੇਸ਼ਨ 'ਤੇ ਇਕੱਠੇ ਹੋਏ ਸਨ। ਇਨ੍ਹਾਂ ਵਿਚੋਂ ਵਧੇਰੇ ਬਿਹਾਰ, ਯੂ. ਪੀ. ਅਤੇ ਪੱਛਮੀ ਬੰਗਾਲ ਦੇ ਸਨ। 

ਵਿਨੇ ਖਿਲਾਫ ਆਈ. ਪੀ. ਸੀ. ਦੀ ਧਾਰਾ 117,153 ਏ, 188, 269, 270, 505(2) ਅਤੇ ਐਪੀਡੇਮਿਕ ਐਕਟ ਦੀ ਧਾਰਾ 3 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮੁੰਬਈ ਦੇ ਬਾਂਦ੍ਰਾ ਸਟੇਸ਼ਨ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਹ ਮਜ਼ਦੂਰ ਘਰ ਜਾਣ ਲਈ ਸਟੇਸ਼ਨ 'ਤੇ ਪੁੱਜੇ ਸਨ ਤੇ ਟਰੇਨ ਨਾ ਚੱਲਣ ਕਾਰਨ ਉਨ੍ਹਾਂ ਨੇ ਹੰਗਾਮਾ ਕਰ ਰਹੇ ਸਨ। ਇਸ ਕਾਰਨ ਪੁਲਸ ਨੂੰ ਲਾਠੀਚਾਰਜ ਕਰਕੇ ਇਨ੍ਹਾਂ ਨੂੰ ਹਟਾਉਣਾ ਪਿਆ। ਜ਼ਿਕਰਯੋਗ ਹੈ ਕਿ ਦੇਸ਼ ਵਿਚ 3 ਮਈ ਤਕ ਲਾਕਡਾਊਨ ਨੂੰ ਵਧਾ ਦਿੱਤਾ ਗਿਆ ਹੈ, ਇਸ ਦੇ ਚੱਲਦਿਆਂ ਟਰੇਨਾਂ, ਬੱਸਾਂ ਅਤੇ ਹਵਾਈ ਸਫਰ ਬੰਦ ਹੈ।


Lalita Mam

Content Editor

Related News