PFI ''ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ : ਅਸਦੁਦੀਨ ਓਵੈਸੀ

Wednesday, Sep 28, 2022 - 03:54 PM (IST)

PFI ''ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ : ਅਸਦੁਦੀਨ ਓਵੈਸੀ

ਹੈਦਰਾਬਾਦ (ਭਾਸ਼ਾ)- ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਵੇਂ ਉਨ੍ਹਾਂ ਨੇ ਹਮੇਸ਼ਾ ਹੀ ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਦੇ ਦ੍ਰਿਸ਼ਟੀਕੋਣ ਦਾ ਵਿਰੋਧ ਕੀਤਾ ਹੈ ਪਰ ਕੱਟੜਪੰਥੀ ਸੰਗਠਨ 'ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਅੱਤਵਾਦੀ ਗਤੀਵਿਧੀਆਂ 'ਚ ਸ਼ਮੂਲੀਅਤ ਅਤੇ ਆਈ.ਐੱਸ.ਆਈ.ਐੱਸ. ਵਰਗੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਕਾਰਨ ਪੀ.ਐੱਫ.ਆਈ. ਅਤੇ ਇਸ ਨਾਲ ਜੁੜੇ ਕਈ ਹੋਰ ਸੰਗਠਨਾਂ 'ਤੇ ਬੁੱਧਵਾਰ ਨੂੰ 5 ਸਾਲ ਦੀ ਪਾਬੰਦੀ ਲਗਾ ਦਿੱਤੀ।

PunjabKesari

ਓਵੈਸੀ ਨੇ ਕਈ ਟਵੀਟ 'ਚ ਕਿਹਾ,''ਮੈਂ ਹਮੇਸ਼ਾ ਪੀ.ਐੱਫ.ਆਈ. ਦੇ ਦ੍ਰਿਸ਼ਟੀਕੋਣ ਦਾ ਵਿਰੋਧ ਕੀਤਾ ਹੈ ਅਤੇ ਲੋਕਤੰਤਰੀ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ ਹੈ ਪਰ ਪੀ.ਐੱਫ.ਆਈ. 'ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ ਹੈ।'' ਉਨ੍ਹਾਂ ਕਿਹਾ,'' ਇਸ ਤਰ੍ਹਾਂ ਦੀ ਪਾਬੰਦੀ ਖ਼ਤਰਨਾਕ ਹੈ, ਕਿਉਂਕਿ ਇਹ ਕਿਸੇ ਵੀ ਉਸ ਮੁਸਲਮਾਨ 'ਤੇ ਪਾਬੰਦੀ ਹੈ, ਜੋ ਆਪਣੇ ਮਨ ਦੀ ਗੱਲ ਕਹਿਣਾ ਚਾਹੁੰਦਾ ਹੈ। ਜਿਸ ਤਰ੍ਹਾਂ ਨਾਲ ਭਾਰਤ ਦੀ 'ਚੋਣਕਾਰੀ ਤਾਨਾਸ਼ਾਹੀ' ਫਾਸੀਵਾਦ ਦੇ ਕਰੀਬ ਪਹੁੰਚ ਰਹੀ ਹੈ, ਭਾਰਤ ਦੇ 'ਕਾਲੇ' ਕਾਨੂੰਨ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਅਧੀਨ ਹੁਣ ਹਰ ਮੁਸਲਿਮ ਨੌਜਵਾਨ ਨੂੰ ਪੀ.ਐੱਫ.ਆਈ. ਪਰਚੇ ਨਾਲ ਗ੍ਰਿਫ਼ਤਾਰ ਕੀਤਾ ਜਾਵੇਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News