ਬੈਠਕ ਬੇਸਿੱਟਾ ਰਹਿਣ ਮਗਰੋਂ ਬਲਬੀਰ ਰਾਜੇਵਾਲ ਦਾ ਵੱਡਾ ਐਲਾਨ, ਮਿੰਨੀ ਸਕੱਤੇਰਤ ਵੱਲ ਕਰਾਂਗੇ ਕੂਚ

Tuesday, Sep 07, 2021 - 04:43 PM (IST)

ਕਰਨਾਲ- ਕਿਸਾਨਾਂ 'ਤੇ 28 ਅਗਸਤ ਨੂੰ ਹੋਏ ਪੁਲਸ ਲਾਠੀਚਾਰਜ ਵਿਰੁੱਧ ਹਰਿਆਣਾ ਦੇ ਕਰਨਾਲ 'ਚ ਮੰਗਲਵਾਰ ਯਾਨੀ ਅੱਜ ਮਹਾਪੰਚਾਇਤ ਬੁਲਾਈ ਗਈ ਹੈ। ਇਸ ਦੌਰਾਨ ਕਿਸਾਨਾਂ ਦੀ 11 ਮੈਂਬਰੀ ਕਮੇਟੀ ਦੀ ਸਰਕਾਰ ਨਾਲ ਬੈਠਕ ਹੋਈ ਸੀ, ਜਿਸ ’ਚ ਕੋਈ ਹੱਲ ਨਹੀਂ ਨਿਕਲਿਆ ਹੈ। ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਿੰਨੀ ਸਕੱਤੇਰਤ ਵੱਲ ਕਿਸਾਨ ਕੂਚ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਿਆਰੀ ਨਾਲ ਆਏ ਹਨ। 
 

ਦੱਸਣਯੋਗ ਹੈ ਕਿ ਕਿਸਾਨਾਂ ਵਲੋਂ 11 ਮੈਂਬਰੀ ਕਮੇਟੀ ਡੀ. ਸੀ. ਅਤੇ ਐੱਸ. ਪੀ. ਕਰਨਾਲ ਨਾਲ ਗੱਲਬਾਤ ਕੀਤੀ ਗਈ। ਤਿੰਨ ਦੌਰ ਦੀ ਗੱਲਬਾਤ ਮਗਰੋਂ ਵੀ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਕੋਈ ਸਹਿਮਤੀ ਨਹੀਂ ਬਣੀ। ਹੁਣ ਕਿਸਾਨ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਕਿਸਾਨਾਂ ਦੀ 11 ਮੈਂਬਰੀ ਕਮੇਟੀ ’ਚ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਢੂਨੀ, ਡਾ. ਦਰਸ਼ਨ ਪਾਲ, ਰਾਮਪਾਲ ਚਹਿਲ, ਅਜੇ ਰਾਣਾ, ਸੁਖਵਿੰਦਰ ਸਿੰਘ, ਯੋਗੇਂਦਰ ਯਾਦਵ, ਕਾਮਰੇਡ ਇੰਦਰਜੀਤ ਸਿੰਘ, ਸੁਰੇਸ਼ ਗੋਤ ਅਤੇ ਵਿਕਾਸ ਸਿਸਰ ਨੂੰ ਕਮੇਟੀ ’ਚ ਸ਼ਾਮਲ ਕੀਤਾ ਗਿਆ। ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਕਰਨਾਲ ’ਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਸ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਸੀ। ਇਸ ਦੇ ਵਿਰੋਧ ’ਚ ਅੱਜ ਕਿਸਾਨ ਕਰਨਾਲ ’ਚ ਮਹਾਪੰਚਾਇਤ ਕਰ ਰਹੇ ਹਨ। ਕਿਸਾਨਾਂ ਦੇ ਵਿਰੋਧ ਨੂੰ ਵੇਖਦੇ ਹੋਏ ਕਰਨਾਲ ਨੂੰ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਕਰਨਾਲ, ਕੁਰੂਕਸ਼ੇਤਰ, ਪਾਨੀਪਤ, ਕੈਥਲ ਅਤੇ ਜੀਂਦ ਵਿਚ ਇੰਟਰਨੈੱਟ ਬੰਦ ਦਾ ਐਲਾਨ ਕੀਤਾ ਹੈ ਅਤੇ ਧਾਰਾ -144 ਲਾਗੂ ਕੀਤੀ ਗਈ ਹੈ। 


DIsha

Content Editor

Related News