ਬਾਲ ਗੋਪਾਲ ਯੋਜਨਾ: 8ਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਹਫ਼ਤੇ ’ਚ 2 ਦਿਨ ਮਿਲੇਗਾ ਦੁੱਧ
Wednesday, Nov 30, 2022 - 01:30 PM (IST)
ਜੈਪੁਰ- ਰਾਜਸਥਾਨ ਵਿਚ ਮੁੱਖ ਮੰਤਰੀ ਬਾਲ ਗੋਪਾਲ ਯੋਜਨਾ ਅਤੇ ਮੁੱਖ ਮੰਤਰੀ ਮੁਫਤ ਯੂਨੀਫਾਰਮ ਵੰਡ ਯੋਜਨਾ ਦਾ ਮੰਗਲਵਾਰ ਨੂੰ ਸ਼ੁੱਭ ਆਰੰਭ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬੇ ਵਿਚ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਹਫਤੇ ਵਿਚ 2 ਦਿਨ ਦੁੱਧ ਦੇਣ ਦਾ ਐਲਾਨ ਕੀਤਾ। ਗਹਿਲੋਤ ਨੇ ਇਸ ਮੌਕੇ ਹਾਜ਼ਰ ਵਿਦਿਆਰਥੀਆ ਦਰਮਿਆਨ ਯੂਨੀਫਾਰਮ ਦੀ ਵੰਡ ਕੀਤੀ।
ਬਾਲ ਗੋਪਾਲ ਯੋਜਨਾ ਤਹਿਤ ਸੂਬੇ ਵਿਚ ਮਿਡ-ਡੇ ਮੀਲ ਪ੍ਰੋਗਰਾਮ ਤੋਂ ਲਾਭ ਲੈਣ ਵਾਲੇ ਸਰਕਾਰੀ ਪ੍ਰਾਇਮਰੀ, ਹਾਈ ਸਕੂਲ, ਮਦਰੱਸਿਆਂ ਅਤੇ ਵਿਸ਼ੇਸ਼ ਟਰੇਨਿੰਗ ਕੇਂਦਰਾਂ ਵਿਚ ਪੜ੍ਹਦੇ ਕਲਾਸ ਇਕ ਤੋਂ 8ਵੀਂ ਤੱਕ ਦੇ ਬੱਚਿਆ ਨੂੰ ‘ਮਿਲਕ ਪਾਊਡਰ’ ਨਾਲ ਤਿਆਰ ਦੁੱਧ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਮੁਹੱਈਆ ਕਰਵਾਇਆ ਜਾਵੇਗਾ। ਦੁੱਧ ਦੀ ਵੰਡ ਪ੍ਰਾਰਥਨਾ ਤੋਂ ਬਾਅਦ ਹੋਵੇਗੀ ਅਤੇ ਗੁਣਵੱਤਾ ਯਕੀਨੀ ਕਰਨ ਲਈ ਅਧਿਆਪਕ, ਮਾਪੇ ਜਾਂ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰ ਦੁੱਧ ਦਾ ਸੁਆਦ ਚੱਖਣਗੇ। ਗਹਿਲੋਤ ਨੇ ਕਿਹਾ ਕਿ ਇਸ ਯੋਜਨਾ ’ਤੇ ਸੂਬਾ ਸਰਕਾਰ ਵੱਲੋਂ 476.44 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਮੁਫਤ ਯੂਨੀਫਾਰਮ ਵੰਡ ਯੋਜਨਾ ਤਹਿਤ ਸਰਕਾਰੀ ਸਕੂਲਾਂ ਵਿਚ ਕਲਾਸ ਇਕ ਤੋਂ 8ਵੀਂ ਦੇ ਵਿਦਿਆਰਥੀਆਂ ਨੂੰ ਡ੍ਰੈੱਸ ਦੇ 2 ਸੈੱਟਾਂ ਲਈ ਕੱਪੜਾ ਮਿਲੇਗਾ ਅਤੇ ਸਿਲਾਈ ਲਈ ਪ੍ਰਤੀ ਵਿਦਿਆਰਥੀ 200 ਰੁਪਏ ਸਿੱਧੇ ਬੈਂਕ ਖਾਤੇ ਵਿਚ ਟਰਾਂਸਫਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਲਾਸ ਇਕ ਤੋਂ 8ਵੀਂ ਤੱਕ ਸਰਕਾਰੀ ਸਕੂਲਾਂ ਵਿਚ ਲਗਭਗ 67.58 ਲੱਖ ਵਿਦਿਆਰਥੀ ਪੜ੍ਹਦੇ ਹਨ ਅਤੇ ਇਸ ਯੋਜਨਾ ’ਤੇ 500.10 ਕਰੋੜ ਰੁਪਏ ਖਰਚ ਹੋਣਗੇ।