ਇੱਥੇ ਵਸਾਇਆ ਜਾ ਰਿਹੈ ਦੇਸ਼ ਦਾ ਪਹਿਲਾ ਹਿੰਦੂ ਪਿੰਡ, ਜਾਣੋ ਬਾਗੇਸ਼ਵਰ ਬਾਬਾ ਦਾ ਮਾਸਟਰ ਪਲਾਨ
Sunday, Apr 06, 2025 - 06:09 PM (IST)

ਨੈਸ਼ਨਲ ਡੈਸਕ- ਬਾਗੇਸ਼ਵਰ ਧਾਮ ਮੱਧ ਪ੍ਰਦੇਸ਼ ਦੇ ਛੱਤਰਪੁਰ ਵਿਚ ਸਥਿਤ ਹੈ। ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿਚ ਰਹਿਣ ਵਾਲੇ ਮਹੰਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ। ਚਰਚਾ ਦੇ ਪਿੱਛੇ ਦਾ ਕਾਰਨ ਵੀ ਦਿਲਚਸਪ ਹੈ। ਉਨ੍ਹਾਂ ਨੇ ਇਕ ਹਿੰਦੂ ਪਿੰਡ ਦੇ ਨਿਰਮਾਣ ਦਾ ਐਲਾਨ ਕੀਤਾ ਹੈ। ਇਸ ਲਈ ਬਕਾਇਦਾ ਭੂਮੀ ਪੂਜਨ ਵੀ ਕੀਤਾ ਹੈ। ਇਸ ਹਿੰਦੂ ਪਿੰਡ ਦਾ ਨਿਰਮਾਣ ਬਾਗੇਸ਼ਵਰ ਧਾਮ ਦੇ ਨੇੜੇ ਹੀ ਕੀਤਾ ਜਾ ਰਿਹਾ ਹੈ। ਇਸ ਹਿੰਦੂ ਪਿੰਡ ਦਾ ਨਿਰਮਾਣ ਦੋ ਸਾਲਾਂ ਦੇ ਅੰਦਰ ਹੀ ਹੋ ਜਾਵੇਗਾ। ਹਿੰਦੂ ਪਿੰਡ 'ਚ 1000 ਪਰਿਵਾਰਾਂ ਨੂੰ ਵਸਾਇਆ ਜਾਵੇਗਾ। ਧੀਰੇਂਦਰ ਸ਼ਾਸਤਰੀ ਵਲੋਂ ਇਸ ਹਿੰਦੂ ਪਿੰਡ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।
ਇਸ ਹਿੰਦੂ ਪਿੰਡ ਲਈ ਬਾਗੇਸ਼ਵਰ ਧਾਮ ਜਨਸੇਵਾ ਕਮੇਟੀ ਸਨਾਤਨ ਧਰਮ ਪ੍ਰੇਮੀਆਂ ਨੂੰ ਜ਼ਮੀਨ ਉਪਲੱਬਧ ਕਰਵਾਏਗੀ, ਜਿਸ 'ਤੇ ਭਵਨਾਂ ਦਾ ਨਿਰਮਾਣ ਹੋਵੇਗਾ। ਬਾਗੇਸ਼ਵਰ ਬਾਬਾ ਨੇ ਕਿਹਾ ਕਿ ਹਿੰਦੂ ਰਾਸ਼ਟਰ ਦਾ ਸੁਪਨਾ ਹਿੰਦੂ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਜਦੋਂ ਹਿੰਦੂ ਪਰਿਵਾਰ, ਹਿੰਦੂ ਸਮਾਜ ਅਤੇ ਹਿੰਦੂ ਪਿੰਡ ਬਣਨਗੇ ਤਾਂ ਹਿੰਦੂ ਤਹਿਸੀਲ, ਹਿੰਦੂ ਜ਼ਿਲ੍ਹਾ ਅਤੇ ਹਿੰਦੂ ਸੂਬੇ ਦੀ ਕਲਪਨਾ ਸਾਕਾਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇਕ ਪਿੰਡ ਨਹੀਂ ਸਗੋਂ ਹਿੰਦੂ ਰਾਸ਼ਟਰ ਦੀ ਨੀਂਹ ਹੈ। ਅਸੀਂ ਸਾਰੇ ਇਸ ਨੂੰ ਮਿਲ ਕੇ ਸਾਕਾਰ ਕਰਾਂਗੇ। ਇੱਥੇ ਰਹਿਣ ਦੇ ਨਿਯਮ-ਕਾਇਦੇ ਵੀ ਹੋਣਗੇ। ਇਸ ਪਿੰਡ ਵਿਚ ਗੈਰ-ਹਿੰਦੂਆਂ ਦੀ ਐਂਟਰੀ ਬੈਨ ਰਹੇਗੀ।
ਇਸ ਹਿੰਦੂ ਪਿੰਡ ਵਿਚ ਜਿੱਥੇ ਸੰਸਕ੍ਰਿਤਕ ਕੰਮ ਕੀਤੇ ਜਾਣਗੇ, ਉੱਥੇ ਹੀ ਇੱਥੋਂ ਦੇ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਪਿੰਡ ਧਾਰਮਿਕ ਗਤੀਵਿਧੀਆਂ ਦਾ ਵੀ ਕੇਂਦਰ ਬਣੇਗਾ। ਬਹੁਤ ਸਾਰੇ ਮੰਦਰਾਂ, ਗਊਸ਼ਾਲਾਵਾਂ, ਯੱਗਸ਼ਾਲਾਵਾਂ ਅਤੇ ਸੰਸਕ੍ਰਿਤ ਸਕੂਲਾਂ ਦੀ ਮੌਜੂਦਗੀ ਹੋਵੇਗੀ। ਇੱਥੋਂ ਦੇ ਲੋਕ ਅਧਿਆਤਮਿਕਤਾ ਅਤੇ ਧਰਮ ਨੂੰ ਨੇੜਿਓਂ ਸਮਝ ਸਕਣਗੇ। ਇਸ ਪਿੰਡ ਵਿਚ ਹਿੰਦੂ ਧਰਮ ਅਤੇ ਹਿੰਦੂ ਏਕਤਾ ਦੀ ਮਹੱਤਤਾ ਬਾਰੇ ਵੀ ਦੱਸਿਆ ਜਾਵੇਗਾ।