Bageshwar Dham ਦੇ ਬਾਬਾ ਧੀਰੇਂਦਰ ਸ਼ਾਸਤਰੀ ਨੂੰ ਕੋਰਟ ਨੇ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
Friday, May 16, 2025 - 04:04 PM (IST)

ਨੈਸ਼ਨਲ ਡੈਸਕ- ਮਸ਼ਹੂਰ ਕਥਾਵਾਚਕ ਅਤੇ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਸ਼ਾਸਤਰੀ ਆਪਣੇ ਇਕ ਵਿਵਾਦਿਤ ਬਿਆਨ ਕਾਰਨ ਇਕ ਵਾਰ ਫਿਰ ਕਾਨੂੰਨੀ ਮੁਸੀਬਤ 'ਚ ਫਸ ਗਏ ਹਨ। ਪ੍ਰਯਾਗਰਾਜ ਮਹਾਕੁੰਭ-2025 ਦੌਰਾਨ, ਉਨ੍ਹਾਂ ਨੇ ਕਿਹਾ ਸੀ ਕਿ ਮਹਾਕੁੰਭ 'ਚ ਹਰ ਵਿਅਕਤੀ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਜੋ ਨਹੀਂ ਆਏਗਾ ਉਹ ਪਛਤਾਏਗਾ ਅਤੇ ਦੇਸ਼ਧ੍ਰੋਹੀ ਕਹਿਲਾਏਗਾ। ਇਸ ਬਿਆਨ ਨੂੰ ਗੈਰ-ਸੰਵਿਧਾਨਕ ਅਤੇ ਭੜਕਾਊ ਮੰਨਦੇ ਹੋਏ, ਅਦਾਲਤ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 20 ਮਈ ਨੂੰ ਸਵੇਰੇ 11 ਵਜੇ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਚਾਂਦੀ ਦੇ ਕੜਿਆਂ ਲਈ ਮਾਂ ਦੀ ਚਿਤਾ 'ਤੇ ਲੇਟ ਗਿਆ ਪੁੱਤ, 2 ਘੰਟੇ ਤੱਕ ਨਹੀਂ ਹੋਣ ਦਿੱਤਾ ਅੰਤਿਮ ਸੰਸਕਾਰ
ਦਰਅਸਲ ਐਡਵੋਕੇਟ ਸੰਘ ਸ਼ਹਿਡੋਲ ਦੇ ਸਾਬਕਾ ਪ੍ਰਧਾਨ ਸੰਦੀਪ ਕੁਮਾਰ ਤਿਵਾੜੀ ਨੇ 4 ਫਰਵਰੀ ਨੂੰ ਧੀਰੇਂਦਰ ਸ਼ਾਸਤਰੀ ਦੇ ਇਸ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਸੋਹਗਪੁਰ ਥਾਣੇ 'ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ ਪੁਲਸ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਤਾਂ ਸੰਦੀਪ ਤਿਵਾੜੀ ਨੇ ਐੱਸਪੀ ਤੋਂ ਗੁਹਾਰ ਲਗਾਈ। ਇਸ ਤੋਂ ਬਾਅਦ ਵੀ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ 3 ਮਾਰਚ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਹਿਡੋਲ ਦੇ ਸਾਹਮਣੇ ਇਕ ਸ਼ਿਕਾਇਤ ਦਾਇਰ ਕੀਤੀ। ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਧੀਰੇਂਦਰ ਸ਼ਾਸਤਰੀ ਨੂੰ ਆਉਣ ਵਾਲੀ 20 ਮਈ ਨੂੰ ਸਵੇਰੇ 11 ਵਜੇ ਨਿੱਜੀ ਤੌਰ 'ਤੇ ਕੋਰਟ 'ਚ ਪੇਸ਼ ਹੋਣ ਦਾ ਸਖ਼ਤ ਆਦੇਸ਼ ਦੇ ਦਿੱਤਾ।
ਇਹ ਵੀ ਪੜ੍ਹੋ : ਕਰਮਚਾਰੀਆਂ ਦੀਆਂ ਮੌਜਾਂ! ਸੁਪਰੀਮ ਕੋਰਟ ਨੇ ਦਿੱਤਾ 25 ਫੀਸਦੀ ਮਹਿੰਗਾਈ ਭੱਤਾ ਦੇਣ ਦਾ ਨਿਰਦੇਸ਼
ਇਸ ਪੂਰੇ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਐਡਵੋਕੇਟ ਸੰਦੀਪ ਤਿਵਾੜੀ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੀਤੀਆਂ ਗਈਆਂ ਟਿੱਪਣੀਆਂ ਲਈ ਵੀ ਐੱਫ.ਆਈ.ਆਰ. ਦਰਜ ਹੋ ਸਕਦੀ ਹੈ ਜਾਂ ਫਿਰ ਜਨਤਕ ਮੰਚ ਤੋਂ ਇਸ ਤਰ੍ਹਾਂ ਦੇ ਭੜਕਾਊ ਅਤੇ ਇਤਰਾਜ਼ਯੋਗ ਬਿਆਨ ਦੇਣ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਕੀ ਕਿਸੇ ਧਾਰਮਿਕ ਆਯੋਜਨ 'ਚ ਸ਼ਾਮਲ ਨਾ ਹੋਣ ਵਾਲਾ ਵਿਅਕਤੀ ਦੇਸ਼ਧ੍ਰੋਹੀ ਹੋ ਸਕਦਾ ਹੈ? ਉਨ੍ਹਾਂ ਨੇ ਸਰਹੱਦ 'ਤੇ ਦੇਸ਼ ਦੀ ਰੱਖਿਆ 'ਚ ਤਾਇਨਾਤ ਫ਼ੌਜੀ, ਹਸਪਤਾਲਾਂ 'ਚ ਮਰੀਜ਼ਾਂ ਦੀ ਸੇਵਾ ਕਰ ਰਹੇ ਡਾਕਟਰ, ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਜੁਟੇ ਪੁਲਸ ਕਰਮੀ, ਪੱਤਰਕਾਰ, ਨਿਆਂਪਾਲਿਕਾ ਦੇ ਮੈਂਬਰ ਜਾਂ ਕੋਈ ਵੀ ਦੂਜਾ ਨਾਗਰਿਕ ਜੋ ਆਪਣੀਆਂ ਜ਼ਿੰਮੇਵਾਰੀਆਂ ਈਮਾਨਦਾਰੀ ਨਾਲ ਨਿਭਾਅ ਰਿਹਾ ਹੈ ਜੇਕਰ ਉਹ ਕਿਸੇ ਜਾਇਜ਼ ਕਾਰਨ ਮਹਾਕੁਂਭ 'ਚ ਮੌਜੂਦ ਨਹੀਂ ਹੋ ਪਾਉਂਦਾ ਹੈ ਤਾਂ ਕੀ ਉਸ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਜਾ ਸਕਦਾ ਹੈ? ਸੰਦੀਪ ਤਿਵਾੜੀ ਨੇ ਧੀਰੇਂਦਰ ਸ਼ਾਸਤਰੀ ਦੇ ਇਸ ਬਿਆਨ 'ਤੇ ਚੁੱਪ ਰਹਿਣ ਨੂੰ ਦੋਹਰੇ ਮਾਪਦੰਡ ਵੱਲ ਇਸ਼ਾਰਾ ਦੱਸਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e