ਬਾਗੇਸ਼ਵਰ ਧਾਮ ''ਚ ਟੈਂਟ ਹਾਦਸੇ ਦੇ ਪੀੜਤ ਪਰਿਵਾਰ ਲਈ ਧੀਰੇਂਦਰ ਸ਼ਾਸਤਰੀ ਨੇ ਕੀਤਾ ਵੱਡਾ ਐਲਾਨ
Friday, Jul 04, 2025 - 04:44 PM (IST)

ਛੱਤਰਪੁਰ- ਬਾਗੇਸ਼ਵਰ ਧਾਮ ਵਿਚ 3 ਜੁਲਾਈ ਨੂੰ ਆਰਤੀ ਦੌਰਾਨ ਟੈਂਟ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ ਅਯੁੱਧਿਆ ਵਾਸੀ ਸ਼ਿਆਮਲਾਲ ਕੌਸ਼ਲ ਦੀ ਮੌਤ ਹੋ ਗਈ ਸੀ। ਇਸ ਹਾਦਸੇ ਨੂੰ ਲੈ ਕੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਨੇ ਸੋਗ ਜ਼ਾਹਰ ਕੀਤਾ ਹੈ। ਨਾਲ ਹੀ ਪੀੜਤ ਪਰਿਵਾਰ ਲਈ ਆਰਥਕਿ ਮਦਦ ਦਾ ਐਲਾਨ ਕੀਤਾ ਹੈ। ਧੀਰੇਂਦਰ ਸ਼ਾਸਤਰੀ ਨੇ ਆਪਣੇ ਜਨਮ ਦਿਨ ਮੌਕੇ ਮੰਚ ਤੋਂ ਇਹ ਐਲਾਨ ਕੀਤਾ।
ਬਾਗੇਸ਼ਵਰ ਮਹਾਰਾਜ ਨੇ ਕਿਹਾ ਕਿ ਅੱਜ ਜਨਮ ਦਿਨ 'ਤੇ ਬਹੁਤ ਜ਼ਿਆਦਾ ਖੁਸ਼ੀ ਨਹੀਂ ਹੈ। ਕੱਲ ਜੋ ਕੁਦਰਤੀ ਘਟਨਾ ਵਾਪਰੀ, ਅਸੀਂ ਅਜਿਹਾ ਵਿਚਾਰ ਕੀਤਾ ਕਿ ਕੱਲ ਜੋ ਚੜ੍ਹਾਵਾ ਮਿਲਿਆ ਹੈ, ਉਸ ਦੀ ਪੂਰੀ ਰਾਸ਼ੀ ਪਰਿਵਾਰ ਨੂੰ ਸੌਂਪੀ ਜਾਵੇ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਚੱਲ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਅਸੀਂ ਕੁਝ ਨਹੀਂ ਦੇ ਸਕਦੇ, ਸਾਡੇ ਕੋਲ ਅਜਿਹਾ ਕਰਨ ਦੀ ਤਾਕਤ ਨਹੀਂ ਹੈ। ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਰਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖੇ। ਤੁਸੀਂ ਸਾਰੇ ਖੁਸ਼ ਰਹੋ।
ਇਹ ਹੈ ਪੂਰਾ ਮਾਮਲਾ...
ਅਯੁੱਧਿਆ ਤੋਂ ਬਾਗੇਸ਼ਵਰ ਧਾਮ ਦੇ ਦਰਸ਼ਨ ਕਰਨ ਆਏ ਲੋਕ ਉੱਥੇ ਹੀ ਰੁਕੇ ਹੋਏ ਸਨ। ਵੀਰਵਾਰ ਸਵੇਰੇ 7:00 ਵਜੇ ਮੰਦਰ ਵਿਚ ਆਰਤੀ ਤੋਂ ਬਾਅਦ ਮੀਂਹ ਪੈਣ ਲੱਗ ਪਿਆ। ਆਪਣੇ ਆਪ ਨੂੰ ਬਚਾਉਣ ਲਈ ਸਾਰੇ ਟੈਂਟ ਦੇ ਹੇਠਾਂ ਭੱਜੇ ਪਰ ਕੁਝ ਦੇਰ ਬਾਅਦ ਪਾਣੀ ਭਰਨ ਕਾਰਨ ਟੈਂਟ ਡਿੱਗ ਗਿਆ। ਇਸ ਦੇ ਹੇਠਾਂ ਦੱਬ ਕੇ ਕਈ ਲੋਕ ਜ਼ਖਮੀ ਹੋ ਗਏ, ਜਦੋਂ ਕਿ ਸ਼ਿਆਮਲਾਲ ਕੌਸ਼ਲ ਨਾਮੀ ਸ਼ਰਧਾਲੂ ਦੀ ਮੌਤ ਹੋ ਗਈ।