ਖ਼ਰਾਬ ਮੌਸਮ ਦੇ ਸੰਦੇਸ਼ ਜਲਦੀ ਹੀ ਟੈਲੀਵਿਜ਼ਨ, ਰੇਡੀਓ ''ਤੇ ਕੀਤੇ ਜਾਣਗੇ ਪ੍ਰਸਾਰਿਤ

06/04/2023 5:31:12 PM

ਨਵੀਂ ਦਿੱਲੀ- ਦੇਸ਼ 'ਚ ਜਲਦੀ ਹੀ ਟੀਵੀ ਸਕ੍ਰੀਨ 'ਤੇ ਖਰਾਬ ਮੌਸਮ ਬਾਰੇ ਚਿਤਾਵਨੀ ਸੰਦੇਸ਼ ਪ੍ਰਸਾਰਿਤ ਕੀਤਾ ਜਾਣਗੇ। ਲੋਕਾਂ ਨੂੰ ਚੌਕਸ ਕਰਨ ਲਈ ਰੇਡੀਓ 'ਤੇ ਗੀਤਾਂ ਨੂੰ ਵਿਚਾਲੇ ਹੀ ਰੋਕ ਕੇ ਸੰਦੇਸ਼ ਦਿੱਤੇ ਜਾਣਗੇ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਨੇ ਮੋਹਲੇਧਾਰ ਮੀਂਹ, ਗਰਜ ਨਾਲ ਮੀਂਹ ਅਤੇ ਲੂ ਬਾਰੇ ਅਹਿਮ ਸੂਚਨਾਵਾਂ ਪ੍ਰਸਾਰਿਤ ਕਰਨ ਲਈ ਮੋਬਾਇਲ ਫੋਨ 'ਤੇ ਸੰਦੇਸ਼ (ਟੈਕਸਟ ਮੈਸੇਜ) ਭੇਜਣਾ ਸ਼ੁਰੂ ਕੀਤਾ ਹੈ। 

ਟੀਵੀ, ਰੇਡੀਓ ਦੀ ਮਦਦ ਨਾਲ ਭੇਜਿਆ ਜਾਵੇਗਾ ਅਲਰਟ

ਅਧਿਕਾਰੀਆਂ ਮੁਤਾਬਕ ਹੁਣ ਉਸ ਦੀ ਯੋਜਨਾ ਟੀਵੀ, ਰੇਡੀਓ ਅਤੇ ਸੰਚਾਰ ਦੇ ਹੋਰ ਮਾਧਿਅਮਾਂ 'ਤੇ ਵੀ ਚਿਤਾਵਨੀ ਦੇਣ ਦੀ ਹੈ, ਤਾਂ ਕਿ ਲੋਕਾਂ ਨੂੰ ਤੁਰੰਤ ਸੂਚਨਾ ਮਿਲੇ ਅਤੇ ਖਰਾਬ ਮੌਸਮ ਨਾਲ ਨਜਿੱਠਣ ਲਈ ਉਹ ਬਿਹਤਰ ਤਰੀਕੇ ਨਾਲ ਤਿਆਰ ਰਹਿਣ। NDMA ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟੈਕਸਟ ਆਧਾਰਿਤ ਸਿਸਟਮ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਹਿੱਸਾ ਹੈ। ਦੂਜੇ ਪੜਾਅ 'ਚ ਟੀਵੀ, ਰੇਡੀਓ ਅਤੇ ਹੋਰ ਮਾਧਿਅਮਾਂ ਨੂੰ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਸਾਲ ਦੇ ਅਖ਼ੀਰ ਤੱਕ ਲਾਗੂ ਕੀਤਾ ਜਾਵੇਗਾ। 

ਕਈ ਏਜੰਸੀਆਂ ਨੂੰ ਕੀਤਾ ਜਾਵੇਗਾ ਸ਼ਾਮਲ

ਅਧਿਕਾਰੀਆਂ ਨੇ ਕਿਹਾ ਕਿ ਤਕਨਾਲੋਜੀ ਅਤੇ ਸੰਚਾਰ ਦੇ ਮਿਸ਼ਰਣ ਨਾਲ NDMA ਦਾ ਉਦੇਸ਼ ਟੈਕਸਟ ਆਧਾਰਿਤ ਚਿਤਾਵਨੀਆਂ ਦੀਆਂ ਸੀਮਾਵਾਂ ਨੂੰ ਪਾਰ ਕਰਨਾ ਹੈ। ਟੈਕਸਟ ਮੈਸੇਜ ਤੋਂ ਪਹਿਲਾਂ NDMA 'ਨੈਸ਼ਨਲ ਡਿਜਾਸਟਰ ਅਲਰਟ ਪੋਰਟਲ' ਅਤੇ ਮੋਬਾਇਲ ਐਪ 'ਸਚੇਤ' ਜ਼ਰੀਏ ਅਜਿਹੀਆਂ ਚਿਤਾਵਨੀਆਂ ਜਾਰੀ ਕਰਦਾ ਸੀ। NDMA ਨੇ ਸਬੰਧਤ ਚਿਤਾਵਨੀਆਂ ਨਾਲ ਸਬੰਧਤ ਵੱਖ-ਵੱਖ ਏਜੰਸੀਆਂ ਨੂੰ ਇਕੱਠੇ ਲਿਆਉਣ ਲਈ 'ਕਾਮਨ ਅਲਟਿੰਗ ਪ੍ਰੋਟੋਕਾਲ ਬੇਸਡ ਇੰਟੀਗ੍ਰੇਟੇਡ ਅਲਰਟ ਸਿਸਟਮ' ਦੀ ਕਲਪਨਾ ਕੀਤੀ ਸੀ। ਇਨ੍ਹਾਂ ਏਜੰਸੀਆਂ 'ਚ ਭਾਰਤ ਮੌਸਮ ਵਿਗਿਆਨ ਵਿਭਾਗ, ਕੇਂਦਰੀ ਜਲ ਕਮਿਸ਼ਨ, ਭਾਰਤੀ ਸਮੁੰਦਰੀ ਸੂਚਨਾ ਸੇਵਾ ਕੇਂਦਰ ਅਤੇ ਭਾਰਤੀ ਜੰਗਲ ਸਰਵੇਖਣ, ਅਲਰਟ ਦੇਣ ਵਾਲੀਆਂ ਏਜੰਸੀਆਂ ਅਤੇ ਸੂਬਾ ਆਫ਼ਤ ਪ੍ਰਬੰਧਨ ਅਥਾਰਟੀਆਂ ਨੂੰ ਸ਼ਾਮਲ ਕੀਤਾ ਗਿਆ।

ਕਿਸੇ ਸਬਸਕ੍ਰਿਪਸ਼ਨ ਦੀ ਲੋੜ ਨਹੀਂ

ਕੇਂਦਰ ਸਰਕਾਰ ਨੇ ਤਾਮਿਲਨਾਡੂ 'ਚ ਸਫ਼ਲ ਪ੍ਰਯੋਗ ਮਗਰੋਂ 2021 'ਚ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਨੂੰ ਦੇਸ਼ ਭਰ ਵਿਚ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਸੀ। NDMA ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਹ ਦੁਨੀਆ 'ਚ  'ਕਾਮਨ ਅਲਟਿੰਗ ਪ੍ਰੋਟੋਕਾਲ' ਦੇ ਨਾਂ ਤੋਂ ਸਭ ਤੋਂ ਵੱਡੀ ਪੂਰਨ ਚਿਤਾਵਨੀ ਪ੍ਰੋਗਰਾਮ ਹੈ। ਲੋਕਾਂ ਨੂੰ ਵਟਸਐਪ, ਈਮੇਲ ਜਾਂ ਐੱਸ. ਐੱਮ. ਐੱਸ. ਸਮੂਹਾਂ 'ਚ ਸਬਸਕ੍ਰਿਪਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਇਹ ਹੀ ਅਲਰਟ ਮਿਲੇਗਾ।

ਸਥਾਨਕ ਭਾਸ਼ਾ 'ਚ ਭੇਜਿਆ ਜਾਵੇਗਾ ਅਲਰਟ

ਸੰਦੇਸ਼ ਸਥਾਨਕ ਭਾਸ਼ਾ ਸਮੇਤ ਦੋ ਭਾਸ਼ਾਵਾਂ 'ਚ ਪ੍ਰਸਾਰਿਤ ਕੀਤਾ ਜਾਵੇਗਾ, ਜਿਸ 'ਚ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਖਰਾਬ ਮੌਸਮ ਬਾਰੇ ਚੌਕਸ ਕੀਤਾ ਜਾਵੇਗਾ ਅਤੇ ਮੋਬਾਇਲ ਫੋਨ ਅਜਿਹੇ ਅਲਰਟ ਆਉਣ 'ਤੇ ਵਾਈਬ੍ਰੇਟ ਕਰਨਗੇ। ਅਧਿਕਾਰੀ ਨੇ ਕਿਹਾ ਕਿ ਜੇਕਰ ਤੁਸੀਂ ਟੀਵੀ ਵੇਖ ਰਹੇ ਹੋ ਤਾਂ ਸਕ੍ਰੀਨ 'ਤੇ ਚਿਤਾਵਨੀ ਸੰਦੇਸ਼ ਪ੍ਰਸਾਰਿਤ ਹੋਣਗੇ ਅਤੇ ਉਸ ਵਿਚ ਆਡੀਓ ਵੀ ਹੋਵੇਗਾ। ਜੇਕਰ ਤੁਸੀਂ ਰੇਡੀਓ 'ਤੇ ਕੋਈ ਗੀਤ ਸੁਣ ਰਹੇ ਹੋ ਤਾਂ ਉਸ ਨੂੰ ਵਿਚਾਲੇ ਰੋਕਿਆ ਜਾਵੇਗਾ ਅਤੇ ਚਿਤਾਵਨੀ ਪ੍ਰਸਾਰਿਤ ਕੀਤੀ ਜਾਵੇਗੀ। ਇਹ ਬਹੁਤ ਜਲਦ ਕੀਤਾ ਜਾਵੇਗਾ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦੇਸ਼ ਵਿਚ 2022 ਵਿਚ ਖਰਾਬ ਮੌਸਮ ਕਾਰਨ 2,770 ਲੋਕਾਂ ਦੀ ਮੌਤ ਹੋਈ।


Tanu

Content Editor

Related News