ਕੋਰੋਨਾ ਦੇ ਸਾਏ ’ਚ ‘ਬਾਬਾ ਵਡਭਾਗ ਸਿੰਘ’ ਹੋਲਾ ਮੁਹੱਲਾ ਮੇਲਾ ਸ਼ੁਰੂ, ਜਾਣੋ ਇਤਿਹਾਸ ਤੇ ਮਾਨਤਾ

03/21/2021 6:17:47 PM

ਊਨਾ (ਅਮਿਤ)— ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਦੇ ਸਾਏ ’ਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਸਥਿਤ ਵਿਸ਼ਵ ਪ੍ਰਸਿੱਧ ਸਥਾਨ ‘ਬਾਬਾ ਵਡਭਾਗ ਸਿੰਘ’ ਹੋਲਾ ਮੁਹੱਲਾ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਮੇਲੇ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਲਾੜੀ ਵਾਂਗ ਸਜਾਇਆ ਗਿਆ ਹੈ। ਮੇਲੇ ਦੌਰਾਨ ਸ਼ਰਧਾਲੂਆਂ ਲਈ ਢੇਰੀ ਸਾਰੀਆਂ ਵਿਵਸਥਾਵਾਂ ਵੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਕੋਵਿਡ-19 ਤਹਿਤ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਪਾਲਣ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦਾ ਅਸਰ ਮੇਲੇ ਦੇ ਪਹਿਲੇ ਦਿਨ ਯਾਨੀ ਕਿ ਐਤਵਾਰ ਨੂੰ ਸਾਫ ਤੌਰ ’ਤੇ ਵੇਖਣ ਨੂੰ ਮਿਲਿਆ। ਅੱਜ ਤੋਂ ਸ਼ੁਰੂ ਹੋਏ ਹੋਲਾ-ਮੁਹੱਲਾ ਮੇਲੇ ਵਿਚ ਸ਼ਰਧਾਲੂਆਂ ਦੀ ਆਮਦ ਘੱਟ ਰਹੀ। 

PunjabKesari

ਮੇਲੇ ਦੌਰਾਨ ਨਾ ਤਾਂ ਸ਼ਰਧਾਲੂਆਂ ਨੂੰ ਇੱਥੇ ਠਹਿਰਣ ਦੀ ਆਗਿਆ ਹੈ ਅਤੇ ਨਾ ਹੀ ਹਰ ਸਾਲ ਵਾਂਗ ਇੱਥੇ ਅਸਥਾਈ ਦੁਕਾਨਾਂ ਨੂੰ ਇਸ ਵਾਰ ਸਥਾਪਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੇਲੇ ਦੌਰਾਨ ਕਰੀਬ 10 ਦਿਨ ਸ਼ਰਧਾਲੂ ਲੱਖਾਂ ਦੀ ਤਾਦਾਦ ਵਿਚ ਇੱਥੇ ਡੇਰੇ ਲਾਉਂਦੇ ਹਨ। ਕੁਝ ਖੇਤਾਂ ਵਿਚ ਟੈਂਟ ਲਾ ਕੇ ਰੁੱਕਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਸ਼ਰਧਾਲੂਆਂ ਲਈ ਕੋਵਿਡ-19 ਨੈਗੇਟਿਵ ਰਿਪੋਰਟ ਜ਼ਰੂਰੀ ਕੀਤੇ ਜਾਣ ਮਗਰੋਂ ਮੇਲੇ ਦੇ ਪਹਿਲੇ ਦਿਨ ਮੇਲਾ ਖੇਤਰ ਪੂਰੀ ਤਰ੍ਹਾਂ ਖਾਲੀ ਰਿਹਾ।

PunjabKesari

ਬਾਬਾ ਵਡਭਾਗ ਸਿੰਘ ਜੀ ਦਾ ਇਤਿਹਾਸ—
ਡੇਰਾ ਬਾਬਾ ਬਡਭਾਗ ਸਿੰਘ ਜੀ ਦੇ ਇਤਿਹਾਸ ’ਤੇ ਝਾਤ ਮਾਰੀ ਜਾਵੇ ਤਾਂ ਸਾਲ 1761 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੰਸ਼ਜ ਬਾਬਾ ਰਾਮ ਸਿੰਘ ਸੋਢੀ ਅਤੇ ਉਨ੍ਹਾਂ ਦੀ ਧਰਮ ਪਤਨੀ ਰਾਜਕੌਰ ਦੇ ਘਰ ਵਡਭਾਗ ਸਿੰਘ ਜੀ ਦਾ ਜਨਮ ਹੋਇਆ। ਬਾਬਾ ਵਡਭਾਗ ਸਿੰਘ ਬਾਲ ਉਮਰ ਤੋਂ ਹੀ ਅਧਿਆਤਮਕ ਸਨ ਅਤੇ ਪੀੜਤ ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਟੀਚਾ ਮੰਨਣ ਲੱਗ ਪਏ ਸਨ। ਕਹਿੰਦੇ ਹਨ ਕਿ ਇਕ ਦਿਨ ਉਹ ਘੁੰਮਦੇ ਹੋਏ ਮੈੜੀ ਪਿੰਡ ਸਥਿਤ ਦਰਸ਼ਨੀ ਖੱਡ, ਜਿਸ ਨੂੰ ਹੁਣ ਚਰਨ ਗੰਗਾ ਕਿਹਾ ਜਾਂਦਾ ਹੈ, ਵਿਚ ਪਹੁੰਚੇ। ਬਾਬਾ ਜੀ ਇੱਥੇ ਪਵਿੱਤਰ ਜਲ ਵਿਚ ਇਸ਼ਨਾਨ ਕਰਨ ਮਗਰੋਂ ਮੈੜੀ ਸਥਿਤ ਇਕ ਬੇਰੀ ਦੇ ਦਰੱਖਤ ਹੇਠਾਂ ਧਿਆਨ ਲਾ ਕੇ ਬੈਠ ਗਏ। ਉਸ ਸਮੇਂ ਮੈੜੀ ਦਾ ਇਹ ਖੇਤਰ ਬਿਲਕੁੱਲ ਵੀਰਾਨ ਸੀ। 

PunjabKesari

ਦੱਸਿਆ ਜਾਂਦਾ ਹੈ ਕਿ ਇਹ ਖੇਤਰ ਵੀਰ ਨਾਹਰ ਸਿੰਘ ਨਾਮੀ ਇਕ ਪਿਸ਼ਾਚ ਦੇ ਪ੍ਰਭਾਵ ਵਿਚ ਸੀ। ਨਾਹਰ ਸਿੰਘ ਵਲੋਂ ਪਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਬਾਬਾ ਜੀ ਨੇ ਇਸ ਸਥਾਨ ’ਤੇ ਤਪੱਸਿਆ ਕੀਤੀ। ਇਕ ਦਿਨ ਦੋਹਾਂ ਦਾ ਆਮਣਾ-ਸਾਹਮਣਾ ਹੋ ਗਿਆ ਅਤੇ ਬਾਬਾ ਵਡਭਾਗ ਸਿੰਘ ਨੇ ਦੈਵੀ ਸ਼ਕਤੀ ਨਾਲ ਨਾਹਰ ਸਿੰਘ ’ਤੇ ਕਾਬੂ ਪਾ ਕੇ ਉਸ ਨੂੰ ਬੇਰੀ ਦੇ ਦਰੱਖ਼ਤ ਹੇਠਾਂ ਹੀ ਇਕ ਪਿੰਜਰੇ ਵਿਚ ਕੈਦ ਕਰ ਲਿਆ। ਕਹਿੰਦੇ ਹਨ ਕਿ ਬਾਬਾ ਜੀ ਨੇ ਨਾਹਰ ਸਿੰਘ ਨੂੰ ਇਸ ਸ਼ਰਤ ’ਤੇ ਆਜ਼ਾਦ ਕੀਤਾ ਸੀ ਕਿ ਨਾਹਰ ਸਿੰਘ ਹੁਣ ਇਸੇ ਸਥਾਨ ’ਤੇ ਮਾਨਸਿਕ ਰੂਪ ਨਾਲ ਬੀਮਾਰ ਅਤੇ ਬੁਰੀਆਂ ਆਤਮਾਵਾਂ ਦੇ ਸ਼ਿੰਕਜੇ ਵਿਚ ਜਕੜੇ ਲੋਕਾਂ ਨੂੰ ਸਿਹਤਮੰਦ ਕਰਨਗੇ ਅਤੇ ਨਾਲ ਹੀ ਬੇਔਲਾਦ ਲੋਕਾਂ ਨੂੰ ਆਸ਼ੀਰਵਾਦ ਵੀ ਦੇਣਗੇ। ਇਹ ਬੇਰੀ ਦਾ ਦਰੱਖ਼ਤ ਅੱਜ ਵੀ ਇਸੇ ਸਥਾਨ ’ਤੇ ਮੌਜੂਦ ਹੈ ਅਤੇ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਆ ਕੇ ਮੱਥਾ ਟੇਕਦੇ ਹਨ।
PunjabKesari

ਇਹ ਹੈ ਮਾਨਤਾ—
ਅਜਿਹੀ ਮਾਨਤਾ ਹੈ ਕਿ ਜੇਕਰ ਪ੍ਰੇਤ ਆਤਮਾਵਾਂ ਤੋਂ ਪੀੜਤ ਵਿਅਕਤੀ ਨੂੰ ਕੁਝ ਦੇਰ ਲਈ ਇਸ ਬੇਰੀ ਦੇ ਦਰੱਖ਼ਤ ਹੇਠਾਂ ਬਿਠਾਇਆ ਜਾਵੇ ਤਾਂ ਵਿਅਕਤੀ ਇਸ ਚੁੰਗਲ ਤੋਂ ਆਜ਼ਾਦ ਹੋ ਜਾਂਦਾ ਹੈ। ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਇਸ ਮੇਲੇ ਵਿਚ ਪਹੁੰਚਦੇ ਹਨ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਬਾਬਾ ਵਡਭਾਗ ਸਿੰਘ ਜੀ ਮੈੜੀ ਵਿਚ ਤਪ ਦੌਰਾਨ ਚਰਨ ਗੰਗਾ ਵਿਚ ਹੀ ਇਸ਼ਨਾਨ ਕਰਦੇ ਸਨ। ਸ਼ਰਧਾਲੂ ਇਸ ਸਥਾਨ ’ਤੇ ਨਤਮਸਤਕ ਹੋ ਕੇ ਮਾਨਸਿਕ ਅਤੇ ਸਰੀਰਕ ਬੀਮਾਰੀਆਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ। ਚਰਨ ਗੰਗਾ ਦੇ ਮਹੰਤ ਸ਼ਾਦੀਲਾਲ ਗੋਸਵਾਮੀ ਨੇ ਕਿਹਾ ਕਿ ਇਹ ਬਹੁਤ ਹੀ ਇਤਿਹਾਸਕ ਸਥਾਨ ਹੈ, ਜਿੱਥੇ ਇਸ਼ਨਾਨ ਕਰਨ ਨਾਲ ਸ਼ਰਧਾਲੂਆਂ ਦੇ ਸਾਰੇ ਦੁੱਖ ਦੂਰ ਹੁੰਦੇ ਹਨ।

PunjabKesari


Tanu

Content Editor

Related News