ਬਾਬਾ ਰਾਮਦੇਵ ਨੇ ਬੰਗਲਾਦੇਸ਼ ''ਚ ਹਿੰਦੂਆਂ ''ਤੇ ਹੋਏ ਹਮਲਿਆਂ ਦੀ ਕੀਤੀ ਨਿੰਦਾ

Tuesday, Aug 06, 2024 - 11:42 PM (IST)

ਬਾਬਾ ਰਾਮਦੇਵ ਨੇ ਬੰਗਲਾਦੇਸ਼ ''ਚ ਹਿੰਦੂਆਂ ''ਤੇ ਹੋਏ ਹਮਲਿਆਂ ਦੀ ਕੀਤੀ ਨਿੰਦਾ

ਦੇਹਰਾਦੂਨ — ਯੋਗ ਗੁਰੂ ਬਾਬਾ ਰਾਮਦੇਵ ਨੇ ਮੰਗਲਵਾਰ ਨੂੰ ਬੰਗਲਾਦੇਸ਼ 'ਚ ਹਿੰਦੂਆਂ ਦੇ ਮੰਦਰਾਂ, ਘਰਾਂ ਅਤੇ ਵਪਾਰਕ ਅਦਾਰਿਆਂ 'ਤੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਕੇਂਦਰ ਸਰਕਾਰ ਨੂੰ ਗੁਆਂਢੀ ਦੇਸ਼ 'ਚ ਹਿੰਦੂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਸਿਆਸੀ ਅਤੇ ਕੂਟਨੀਤਕ ਯਤਨ ਕਰਨ ਲਈ ਕਿਹਾ। ਉਨ੍ਹਾਂ ਕੇਂਦਰ ਸਰਕਾਰ ਨੂੰ ਭਾਰਤ ਵਿੱਚ ਅਸ਼ਾਂਤੀ ਅਤੇ ਅਸਥਿਰਤਾ ਫੈਲਾਉਣ ਦੇ ਇਰਾਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪ੍ਰਸਾਰਿਤ ਕਰਨ ਵਾਲੇ ਵੀਡੀਓਜ਼ ਨਾਲ ਸਖ਼ਤੀ ਨਾਲ ਨਜਿੱਠਣ ਲਈ ਵੀ ਕਿਹਾ।

ਸਵਾਮੀ ਰਾਮਦੇਵ ਦਾ ਇਹ ਬਿਆਨ ਬੰਗਲਾਦੇਸ਼ ਵਿੱਚ ਵਿਵਾਦਗ੍ਰਸਤ ਰਾਖਵਾਂਕਰਨ ਪ੍ਰਣਾਲੀ ਨੂੰ ਲੈ ਕੇ ਹੋ ਰਹੇ ਵਿਰੋਧਾਂ ਦਰਮਿਆਨ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਇੱਕ ਦਿਨ ਬਾਅਦ ਆਇਆ ਹੈ। ਹਸੀਨਾ ਦੇ ਅਹੁਦਾ ਛੱਡਣ ਤੋਂ ਬਾਅਦ ਵੀ ਗੁਆਂਢੀ ਦੇਸ਼ ਵਿੱਚ ਹਿੰਸਾ ਜਾਰੀ ਹੈ। ਰਾਮਦੇਵ ਨੇ ਪੀਟੀਆਈ-ਵੀਡੀਓ ਸਰਵਿਸ ਨੂੰ ਦੱਸਿਆ, “ਮੈਂ ਬੰਗਲਾਦੇਸ਼ ਵਿੱਚ ਪਿਛਲੇ ਦੋ ਦਿਨਾਂ ਵਿੱਚ ਹਿੰਦੂ ਮੰਦਰਾਂ, ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੀ ਨਿੰਦਾ ਕਰਦਾ ਹਾਂ। ਆਉਣ ਵਾਲੇ ਦਿਨਾਂ 'ਚ ਇਨ੍ਹਾਂ 'ਚ ਹੋਰ ਵਾਧਾ ਹੋ ਸਕਦਾ ਹੈ।

ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ ਨੂੰ ਕੋਈ ਨੁਕਸਾਨ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਭਾਰਤ ਨੂੰ ਰਾਜਨੀਤਿਕ ਅਤੇ ਕੂਟਨੀਤਕ ਤੌਰ 'ਤੇ ਹਰ ਸੰਭਵ ਕੋਸ਼ਿਸ਼ ਕਰਨੀ ਪਵੇਗੀ।" ਉਨ੍ਹਾਂ ਕਿਹਾ, ''ਬੰਗਲਾਦੇਸ਼ ਵਿੱਚ ਫਿਰਕੂ ਹਿੰਸਾ ਆਪਣੇ ਸਿਖਰ 'ਤੇ ਹੈ। ਜਮਾਤ-ਏ-ਇਸਲਾਮੀ ਅਤੇ ਸਾਰੀਆਂ ਕੱਟੜਪੰਥੀ ਤਾਕਤਾਂ ਆਪਣੀ ਕਰੂਰਤਾ ਦਿਖਾ ਰਹੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।''

ਸਵਾਮੀ ਰਾਮਦੇਵ ਨੇ ਕੇਂਦਰ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਮੇਂ ਬੰਗਲਾਦੇਸ਼ ਵਿਚ ਹਿੰਦੂ ਘੱਟ ਗਿਣਤੀਆਂ ਦੇ ਸਮਰਥਨ ਵਿਚ ਇਕਜੁੱਟ ਰਹਿਣ ਤਾਂ ਜੋ ਕੋਈ ਵੀ ਉਨ੍ਹਾਂ ਦੇ ਪਰਿਵਾਰਾਂ ਅਤੇ ਔਰਤਾਂ 'ਤੇ ਹਮਲਾ ਕਰਨ ਦੀ ਹਿੰਮਤ ਨਾ ਕਰੇ। ਯੋਗ ਗੁਰੂ ਨੇ ਇਹ ਵੀ ਕਿਹਾ ਕਿ ਉਹ ਭਾਰਤ ਵਿਚ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਨ ਵਾਲੇ ਲੋਕਾਂ ਦੇ ਮਾੜੇ ਇਰਾਦੇ ਦੇਖ ਸਕਦੇ ਹਨ, ਜੋ ਇੱਥੇ ਬੰਗਲਾਦੇਸ਼ ਵਰਗੀ ਸਥਿਤੀ ਅਤੇ ਅਸਥਿਰਤਾ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, “ਕੇਂਦਰ ਨੂੰ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣਾ ਹੋਵੇਗਾ। ਦੁਨੀਆ ਨੂੰ ਹਿੰਦੂਆਂ ਦੀ ਤਾਕਤ ਦਿਖਾਉਣ ਲਈ ਸਾਨੂੰ ਭਾਰਤ 'ਚ ਇਕਜੁੱਟ ਰਹਿਣਾ ਹੋਵੇਗਾ।''

 


author

Inder Prajapati

Content Editor

Related News