ਰਾਮ ਰਹੀਮ ਦੀ ਪੇਸ਼ੀ ਬਾਰੇ ਅਦਾਲਤ ਨੇ ਸੁਣਾਇਆ ਫੈਸਲਾ

Tuesday, Jan 08, 2019 - 05:20 PM (IST)

ਪੰਚਕੂਲਾ- ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ਮਾਮਲੇ 'ਚ 11 ਜਨਵਰੀ ਨੂੰ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਪੰਚਕੂਲਾ ਸਥਿਤ ਸੀ. ਬੀ. ਆਈ ਅਦਾਲਤ ਨੇ ਹਰਿਆਣਾ ਸਰਕਾਰ ਦੁਆਰਾ ਲਗਾਈ ਗਈ ਪਟੀਸ਼ਨ, ਜਿਸ 'ਚ ਡੇਰਾ ਮੁਖੀ ਗੁਰਮੀਤ ਸਿੰਘ ਨੂੰ ਅਦਾਲਤ 'ਚ ਸਿੱਧੇ ਤੌਰ 'ਤੇ ਪੇਸ਼ ਕਰਨ ਦੀ ਬਜਾਏ ਵੀਡੀਓ ਕਾਨਫ੍ਰੰਸਿੰਗ (ਵੀ. ਸੀ.) ਰਾਹੀਂ ਪੇਸ਼ ਕਰਨ ਦੀ ਮੰਗ 'ਤੇ ਫੈਸਲਾ ਸੁਣਾਇਆ ਹੈ। ਅਦਾਲਤ ਦੇ ਇਸ ਫੈਸਲੇ ਤੋਂ ਹਰਿਆਣਾ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਅਦਾਲਤ ਨੇ ਛੱਤਰਪਤੀ ਹੱਤਿਆਕਾਂਡ 'ਚ 11 ਜਨਵਰੀ ਨੂੰ ਹੋਣ ਵਾਲੀ ਸੁਣਵਾਈ 'ਤੇ ਰਾਮ ਰਹੀਮ ਨੂੰ ਵੀਡੀਓ ਕਾਨਫ੍ਰੰਸਿੰਗ (ਵੀ. ਸੀ.) ਦੇ ਰਾਹੀਂ ਪੇਸ਼ ਕੀਤੇ ਜਾਣ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਦੂਜੇ ਹੋਰ ਦੋਸ਼ੀਆਂ ਦੀ ਪੇਸ਼ੀ ਸਿੱਧੇ ਤੌਰੇ 'ਤੇ ਹੋਵੇਗੀ।

ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਕਿਹਾ ਹੈ ਕਿ ਡੇਰਾ ਮੁਖੀ ਦੇ ਮਾਮਲੇ 'ਚ ਅਸੀਂ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਡੇਰਾ ਮੁਖੀ ਨੂੰ ਸਿੱਧੇ ਰੂਪ ਨਾਲ ਕੋਰਟ 'ਚ ਪੇਸ਼ ਕਰਨ ਦੀ ਬਜਾਏ ਵੀਡੀਓ ਕਾਨਫ੍ਰੰਸਿੰਗ ਰਾਹੀ ਫੈਸਲਾ ਸੁਣਾਇਆ ਜਾਵੇ, ਤਾਂ ਕਿ ਕਿਸੇ ਤਰ੍ਹਾਂ ਦੀ ਕਾਨੂੰਨੀ ਅਤੇ ਵਿਵਸਥਾ ਦੀ ਸਥਿਤੀ ਖਰਾਬ ਨਾ ਹੋਵੇ, ਅਸੀਂ ਸੁਰੱਖਿਆ ਦੀਆਂ ਸਾਰੀਆਂ ਵਿਵਸਥਾਵਾਂ ਪੂਰੀਆਂ ਕਰ ਲਈਆਂ ਹਨ। 

ਇਸ ਤੋਂ ਪਹਿਲਾਂ 25 ਅਗਸਤ 2017 ਨੂੰ ਡੇਰਾ ਮੁਖੀ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਅਤੇ ਸਿਰਸਾ 'ਚ ਡੇਰਾ ਸਮਰੱਥਕਾਂ ਨੇ ਹਿੰਸਾਂ ਕਾਰਨ 38 ਲੋਕਾਂ ਦੀ ਮੌਤ ਹੋ ਗਈ ਅਤੇ 250 ਲੋਕ ਜ਼ਖਮੀ ਹੋ ਗਏ ਸਨ। 300 ਤੋਂ ਜ਼ਿਆਦਾ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ। ਇਸ ਤਰ੍ਹਾਂ 11 ਜਨਵਰੀ ਨੂੰ ਇਕ ਵਾਰ ਫਿਰ ਪੰਚਕੂਲਾ ਅਤੇ ਸਿਰਸਾ ਵਰਗੀ ਸਥਿਤੀ ਨਾ ਹੋਵੇ ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰੀਆਂ ਮੁਕੰਮਲ ਕਰ ਚੁੱਕੇ ਹਨ।

11 ਜਨਵਰੀ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਮਾਮਲੇ 'ਚ ਅਦਾਲਤ ਫੈਸਲਾ ਸੁਣਾ ਸਕਦੀ ਹੈ।ਇਸ ਮਾਮਲੇ 'ਚ ਗੁਰਮੀਤ ਰਾਮ ਰਹੀਮ ਦੇ ਨਾਲ ਕਿਸ਼ਨ ਲਾਲ, ਨਿਰਮਲ ਕੁਲਦੀਪ ਵੀ ਦੋਸ਼ੀ ਹਨ, ਜਿਨ੍ਹਾਂ 'ਤੇ ਹੱਤਿਆ ਦੀ ਸਾਜਿਸ਼ ਰਚਣ ਦਾ ਦੋਸ਼ ਹੈ। ਪੱਤਰਕਾਰ ਰਾਮ ਚੰਦਰ ਹੱਤਿਆ ਦਾ ਮਾਮਲਾ 2002 ਦਾ ਹੈ। ਬਾਈਕ 'ਤੇ ਸਵਾਰ ਹੋ ਕੇ ਦੋਸ਼ੀ ਕੁਲਦੀਪ ਨੇ ਦਿਨ-ਦਿਹਾੜੇ ਸਿਰਸਾ 'ਚ ਸੜਕ 'ਤੇ ਪੱਤਰਕਾਰ ਰਾਮ ਚੰਦਰ ਨੂੰ ਲਾਇਸੈਂਸ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ ਸੀ। ਕੁਲਦੀਪ ਦੇ ਨਾਲ ਦੋਸ਼ੀ ਨਿਰਮਲ ਵੀ ਮੌਜ਼ੂਦ ਸੀ। ਮਾਮਲੇ 'ਚ 2003 'ਚ ਐੱਫ. ਆਈ. ਆਰ ਦਰਜ ਹੋਈ ਸੀ ਅਤੇ 2006 'ਚ ਮਾਮਲਾ ਸੀ. ਬੀ. ਆਈ. ਦੇ ਕੋਲ ਪਹੁੰਚਿਆ ਸੀ।


Iqbalkaur

Content Editor

Related News