ਆਜ਼ਮ ਦੇ ਸਮਰਥਨ ''ਚ ਉਤਰੇ ਮੁਲਾਇਮ ਯਾਦਵ, ਬੋਲੇ- ''ਪੂਰੇ ਪ੍ਰਦੇਸ਼ ''ਚ ਅੰਦੋਲਨ ਕਰਾਂਗੇ''

Tuesday, Sep 03, 2019 - 03:01 PM (IST)

ਆਜ਼ਮ ਦੇ ਸਮਰਥਨ ''ਚ ਉਤਰੇ ਮੁਲਾਇਮ ਯਾਦਵ, ਬੋਲੇ- ''ਪੂਰੇ ਪ੍ਰਦੇਸ਼ ''ਚ ਅੰਦੋਲਨ ਕਰਾਂਗੇ''

ਲਖਨਊ— ਸਮਾਜਵਾਦੀ ਪਾਰਟੀ ਦੇ ਗਾਰਡੀਅਨ ਮੁਲਾਇਮ ਸਿੰਘ ਯਾਦਵ ਆਪਣੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੇ ਬਚਾਅ 'ਚ ਉਤਰ ਆਏ ਹਨ। ਮੁਲਾਇਮ ਨੇ ਮੰਗਲਵਾਰ ਨੂੰ ਕਿਹਾ ਕਿ ਆਜ਼ਮ 'ਤੇ ਗਲਤ ਤਰੀਕੇ ਨਾਲ ਕੇਸ ਦਰਜ ਕੀਤੇ ਗਏ। ਉਨ੍ਹਾਂ ਉੱਪਰ ਜ਼ਮੀਨ ਹੜਪਨ ਦੇ ਬੇਬੁਨਿਆਦ ਦੋਸ਼ ਲਗਾਏ ਗਏ। ਆਜ਼ਮ ਨੇ ਗਰੀਬਾਂ ਦੀ ਲੜਾਈ ਲੜੀ। ਚੰਦੇ ਦੇ ਪੈਸੇ ਨਾਲ ਜੌਹਰ ਯੂਨੀਵਰਸਿਟੀ ਬਣਾਈ, ਜਿਸ 'ਚ ਦੇਸ਼-ਵਿਦੇਸ਼ ਦੇ ਵਿਦਿਆਰਥੀ ਪੜ੍ਹਦੇ ਹਨ। ਅਸੀਂ ਇਸ ਕਾਰਵਾਈ ਵਿਰੁੱਧ ਪੂਰੇ ਪ੍ਰਦੇਸ਼ 'ਚ ਅੰਦੋਲਨ ਕਰਾਂਗੇ। ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਆਜ਼ਮ ਬਾਰੇ ਸਾਰੇ ਜਾਣਦੇ ਹਨ। ਉਹ ਇਕ ਗਰੀਬ ਪਰਿਵਾਰ ਤੋਂ ਹਨ। ਕਿਸੇ ਤੋਂ ਪੈਸਾ ਨਹੀਂ ਲਿਆ। ਕੋਈ ਗਲਤ ਕੰਮ ਨਹੀਂ ਕੀਤਾ। ਸਾਰੇ ਪੱਤਰਕਾਰ ਆਜ਼ਮ ਬਾਰੇ ਸਾਰਾ ਸੱਚ ਜਾਣਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਵੀ ਕੁਝ ਨੇਤਾ ਕਹਿ ਰਹੇ ਹਨ ਕਿ ਇਹ ਸਹੀ ਨਹੀਂ ਹੋ ਰਿਹਾ ਹੈ ਅਤੇ ਇਸ ਨਾਲ ਸਾਡੀ ਪਾਰਟੀ ਨੂੰ ਨੁਕਸਾਨ ਹੋਵੇਗਾ।

ਲਖਨਊ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਮੁਲਾਇਮ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ  ਪ੍ਰਧਾਨ ਮੰਤਰੀ ਨੂੰ ਵੀ ਮਿਲਾਂਗੇ ਪਰ ਹਾਲੇ ਅਜਿਹਾ ਕਹਿ ਨਹੀਂ ਸਕਦੇ ਹਾਂ ਕਿ ਪੀ.ਐੱਮ. ਨੂੰ ਮਿਲਾਂਗੇ ਜਾਂ ਨਹੀਂ। ਆਜ਼ਮ ਨਾਲ ਅਨਿਆਂ ਅਤੇ ਅੱਤਿਆਚਾਰ ਹੋ ਰਿਹਾ ਹੈ। ਇਸ ਵਿਰੁੱਧ ਖੜ੍ਹੇ ਹੋਣ ਦੀ ਲੋੜ ਹੈ। ਮੁਲਾਇਮ ਨੇ ਕਿਹਾ ਕਿ ਆਜ਼ਮ ਨੇ ਚੰਦਾ ਮੰਗ ਕੇ ਅਤੇ ਦੇਸੀ-ਵਿਦੇਸ਼ੀ ਦੋਸਤਾਂ ਤੋਂ ਚੰਦਾ ਇਕੱਠਾ ਕਰ ਕੇ ਯੂਨੀਵਰਸਿਟੀ ਬਣਾਈ। ਉਨ੍ਹਾਂ ਨੇ ਮਿਹਨਤ ਨਾਲ ਯੂਨੀਵਰਸਿਟੀ ਬਣਾਈ ਹੈ। ਆਪਣਾ ਵਿਧਾਇਕ ਅਤੇ ਸੰਸਦੀ ਦਾ ਫੰਡ ਯੂਨੀਵਰਸਿਟੀ 'ਚ ਲੱਗਾ ਦਿੱਤਾ। ਸੈਂਕੜੇ ਵੀਘਾ ਜ਼ਮੀਨ ਖਰੀਦਣ ਵਾਲਾ 1-2 ਵੀਘਾ ਜ਼ਮੀਨ ਲਈ ਗੜਬੜੀ ਨਹੀਂ ਕਰਦਾ ਹੈ। ਸਿਰਫ 1-2 ਵੀਘਾ ਜ਼ਮੀਨ ਲਈ ਉਨ੍ਹਾਂ 'ਤੇ ਦਰਜਨ ਭਰ ਮੁਕੱਦਮੇ ਕੀਤੇ ਗਏ ਹਨ। ਸਪਾ ਨੇਤਾ ਨੇ ਕਿਹਾ ਕਿ ਆਜ਼ਮ ਵਿਰੁੱਧ ਜ਼ਾਲਮ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ। ਆਜ਼ਮ ਖਾਨ 'ਤੇ ਚੋਰੀ ਅਤੇ ਡਕੈਤੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਅਸੀਂ ਆਜ਼ਮ ਖਾਨ ਦੇ ਪੱਖ 'ਚ ਰਹਾਂਗੇ। ਵਰਕਰਾਂ ਨੂੰ ਅਪੀਲ ਹੈ ਕਿ ਆਜ਼ਮ ਵਿਰੁੱਧ ਹੋ ਰਹੀ ਸਾਜਿਸ਼ ਵਿਰੁੱਧ ਉਹ ਖੜ੍ਹੇ ਹੋਣ ਅਤੇ ਅੰਦੋਲਨ ਕਰਨ। ਮੈਂ ਖੁਦ ਅੰਦੋਲਨ 'ਚ ਨਾਲ ਰਹਾਂਗਾ।


author

DIsha

Content Editor

Related News