ਅਯੁੱਧਿਆ ਜਬਰ-ਜ਼ਿਨਾਹ ਮਾਮਲਾ: ਇਲਾਹਾਬਾਦ ਹਾਈਕੋਰਟ ਨੇ ਮੰਗੀ ਭਰੂਣ ਦੀ DNA ਰਿਪੋਰਟ

Sunday, Sep 22, 2024 - 12:20 AM (IST)

ਲਖਨਊ — ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਸ਼ਨੀਵਾਰ ਨੂੰ ਅਯੁੱਧਿਆ ਬਲਾਤਕਾਰ ਮਾਮਲੇ 'ਚ ਪੀੜਤਾ ਦੇ ਗਰਭਪਾਤ ਕਰਾਏ ਗਏ ਭਰੂਣ ਦੀ ਡੀ.ਐੱਨ.ਏ. ਰਿਪੋਰਟ ਤਲਬ ਕੀਤੀ ਹੈ। ਬੈਂਚ ਨੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਡਾਇਰੈਕਟਰ ਨੂੰ ਇੱਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ ਲਈ 30 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਇਹ ਹੁਕਮ ਜਸਟਿਸ ਪੰਕਜ ਭਾਟੀਆ ਦੀ ਸਿੰਗਲ ਬੈਂਚ ਨੇ 71 ਸਾਲਾ ਦੋਸ਼ੀ ਮੋਈਦ ਅਹਿਮਦ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਾਇਆ।

ਮੁਲਜ਼ਮ ਨੇ ਦਾਅਵਾ ਕੀਤਾ ਕਿ ਉਸ ਨੂੰ ਸਿਆਸੀ ਕਾਰਨਾਂ ਕਰਕੇ ਕੇਸ ਵਿੱਚ ਫਸਾਇਆ ਗਿਆ ਸੀ ਅਤੇ ਉਸ ਨੂੰ ਕੋਈ ਦਸਤਾਵੇਜ਼ ਨਹੀਂ ਦਿੱਤੇ ਗਏ ਸਨ। ਪਟੀਸ਼ਨ ਦਾ ਵਿਰੋਧ ਕਰਦਿਆਂ ਰਾਜ ਸਰਕਾਰ ਦੀ ਤਰਫ਼ੋਂ ਵਧੀਕ ਐਡਵੋਕੇਟ ਜਨਰਲ ਵੀ.ਕੇ.ਸ਼ਾਹੀ ਨੇ ਦਲੀਲ ਦਿੱਤੀ ਕਿ ਇਹ ਕੇਸ ਬਹੁਤ ਗੰਭੀਰ ਹੈ ਅਤੇ ਪੀੜਤ ਨਾਬਾਲਗ ਹੈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਪੀੜਤਾ ਗਰਭਵਤੀ ਵੀ ਹੋ ਗਈ ਅਤੇ ਗਰਭਪਾਤ ਕਰਵਾਉਣ ਤੋਂ ਬਾਅਦ ਡੀ.ਐੱਨ.ਏ. ਟੈਸਟ ਲਈ ਸੈਂਪਲ ਭੇਜ ਦਿੱਤਾ ਗਿਆ ਹੈ।

ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡੀ.ਐੱਨ.ਏ. ਟੈਸਟ ਦੀ ਰਿਪੋਰਟ ਤਲਬ ਕਰ ਲਈ। ਉੱਤਰ ਪ੍ਰਦੇਸ਼ ਪੁਲਸ ਨੇ 30 ਜੁਲਾਈ ਨੂੰ ਅਯੁੱਧਿਆ ਜ਼ਿਲ੍ਹੇ ਦੇ ਪੁਰਾ ਕਲੰਦਰ ਇਲਾਕੇ ਤੋਂ ਬੇਕਰੀ ਮਾਲਕ ਮੁਈਦ ਅਤੇ ਉਸ ਦੇ ਕਰਮਚਾਰੀ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵਿਧਾਨ ਸਭਾ 'ਚ ਦਾਅਵਾ ਕੀਤਾ ਸੀ ਕਿ ਦੋਸ਼ੀ ਸਮਾਜਵਾਦੀ ਪਾਰਟੀ ਨਾਲ ਜੁੜੇ ਹੋਏ ਹਨ।


Inder Prajapati

Content Editor

Related News