ਅਯੁੱਧਿਆ ਸੁਣਵਾਈ : ਸੀ.ਜੇ.ਆਈ. ਬੋਲੇ, ਧਰਮ ਗ੍ਰੰਥ ਸੁਣਾਉਣ ਦੀ ਥਾਂ ਸਬੂਤ ਦਿਓ

08/21/2019 7:46:02 PM

ਨਵੀਂ ਦਿੱਲੀ— ਅਯੁੱਧਿਆ ਦੇ ਰਾਮ ਜਨਮ ਭੂਮੀ ਤੇ ਬਾਬਰ ਮਸਜਿਦ ਜ਼ਮੀਨ ਵਿਵਾਦ ਦੀ ਸੁਣਵਾਈ ਸੁਪਰੀਮ ਕੋਰਟ ਦੀ ਸੰਵਿਧਾਨ ਬੈਂਚ ਸਾਹਮਣੇ ਬੁੱਧਵਾਰ ਨੂੰ ਹੋਈ। ਸੁਣਵਾਈ ਦੌਰਾਨ ਚੀਫ ਜਸਟਿਸ ਰੰਜਨ ਗੋਗੋਈ ਨੇ ਰਾਮ ਜਨਮ ਸਥਾਨ ਪੁਨਰ ਦੁਆਰ ਕਮੇਟੀ ਦੇ ਵਕੀਲ ਨੂੰ ਕਿਹਾ ਕਿ ਇਸ ਮਾਮਲੇ 'ਚ ਪੱਕੇ ਸਬੂਤ ਪੇਸ਼ ਕਰਨ ਤੇ ਸਿਰਫ ਪੁਰਾਣਾਂ ਤੇ ਹੋਰ ਧਰਮ ਗ੍ਰੰਥਾਂ ਦੀਆਂ ਕਹਾਣੀਆਂ ਨਾ ਸੁਣਾਓ। ਚੋਟੀ ਦੀ ਅਦਾਲਤ ਨੇ ਸਪੱਸ਼ਟ ਕਿਹਾ ਕਿ ਇਹ ਮਾਮਲਾ ਕਿਸੇ ਆਸਥਾ ਦਾ ਨਹੀਂ ਹੈ ਸਗੋਂ ਵਿਵਾਦਿਤ ਜ਼ਮੀਨ ਨਾਲ ਜੁੜਿਆ ਹੈ। ਇਸ ਮਾਮਲੇ 'ਤੇ ਹੁਣ ਵੀਰਵਾਰ ਨੂੰ ਸੁਣਵਾਈ ਹੋਵੇਗੀ। ਦੱਸ ਦਈਏ ਕਿ 6 ਅਗਸਤ ਤੋਂ ਸੁਪਰੀਮ ਕੋਰਟ ਅਯੁੱਧਿਆ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰ ਰਿਹਾ ਹੈ। ਬੁੱਧਵਾਰ ਨੂੰ ਇਸ ਦਾ ਨੌਵਾਂ ਦਿਨ ਸੀ।

ਸੁਪਰੀਮ ਕੋਰਟ ਨੇ ਕਿਹਾ ਕਿ ਇਸ ਉਮੀਦ ਨੂੰ ਲੈ ਕੇ ਲਗਾਤਾਰ ਦਲੀਲਾਂ ਸੁਣ ਰਹੇ ਹਾਂ, ਜਿਨ੍ਹਾਂ 'ਤੇ ਹਾਈਕੋਰਟ ਨੇ ਵਿਸ਼ਵਾਸ ਵੀ ਜਤਾਇਆ ਹੈ। ਇਸ 'ਤੇ ਜੋ ਵੀ ਸਪੱਸ਼ਟ ਸਬੂਤ ਹਨ ਉਹ ਦਸੋਂ। ਸੀ.ਜੇ.ਆਈ. ਨੇ ਕਿਹਾ ਕਿ ਨਕਸ਼ੇ 'ਚ ਇਹ ਸਪੱਸ਼ਟ ਕਰੋ ਕਿ ਮੂਰਤੀਆਂ ਕਿਥੇ ਹਨ? ਸੁਪਰੀਮ ਕੋਰਟ ਨੇ ਕਿਹਾ ਕਿ ਹਿੰਦੂ ਗ੍ਰੰਥਾਂ 'ਚ ਵਿਸ਼ਵਾਸ ਦਾ ਆਧਾਰ ਵਿਵਾਦਿਤ ਨਹੀਂ ਹੈ, ਮੰਦਰ ਲਈ ਕਾਗਜ਼ੀ ਸਬੂਤ ਪੇਸ਼ ਕਰੋ।

ਸੁਪਰੀਮ ਕੋਰਟ ਨੇ ਪੁੱਛਿਆ ਸਕੰਦ ਪੁਰਾਣ ਕਦੋ ਲਿਖਿਆ ਗਿਆ ਸੀ?
ਇਸ ਤੋਂ ਪਹਿਲਾਂ ਰਾਮ ਜਨਮ ਸਥਾਨ ਪੁਨਰ ਦੁਆਰ ਕਮੇਟੀ ਦੇ ਵਕੀਲ ਪੀ.ਐੱਨ. ਮਿਸ਼ਰਾ ਨੇ ਸਕੰਦ ਪੁਰਾਣ ਦਾ ਜ਼ਿਕਰ ਕੀਤਾ, ਜਿਸ 'ਚ ਲੋਕ ਸਰਯੂ ਨਦੀ 'ਚ ਨਹਾਉਣ ਤੋਂ ਬਾਅਦ ਜਨਮ ਸਥਾਨ ਦਾ ਦਰਸ਼ਨ ਕਰਦੇ ਸਨ। ਇਸ 'ਚ ਮੰਦਰ ਦਾ ਜ਼ਿਕਰ ਨਹੀਂ ਹੈ ਪਰ ਜਨਮ ਸਥਾਨ ਦਾ ਦਰਸ਼ਨ ਕਰਦੇ ਸਨ। ਇਸ 'ਤੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਸਕੰਦ ਪੁਰਾਣ ਕਦੋਂ ਲਿਖਿਆ ਗਿਆ ਸੀ? ਰਾਮ ਜਨਮ ਸਥਾਨ ਪੁਨਰ ਦੁਆਰ ਕਮੇਟੀ ਦੇ ਵਕੀਲ ਪੀ.ਐੱਨ. ਮਿਸ਼ਰਾ ਨੇ ਕਿਹਾ ਕਿ ਬ੍ਰਿਟਿਸ਼ ਲੇਖਕ ਮੁਤਾਬਕ ਗੁਪਤਵੰਸ਼ ਦੇ ਸਮੇਂ 'ਚ ਲਿਖਿਆ ਗਿਆ, ਇਹ ਵੀ ਕਿਹਾ ਜਾਂਦਾ ਹੈ ਕਿ 4-5 ਏ.ਡੀ. 'ਚ ਲਿਖਿਆ ਗਿਆ। ਪੀ.ਐੱਨ. ਮਿਸ਼ਰਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਬਾਬਰ ਨੇ ਉਥੇ ਕਦੇ ਮਸਜਿਦ ਨਹੀਂ ਬਣਵਾਇਆ ਤੇ ਹਿੰਦੂ ਉਸ ਸਥਾਨ 'ਤੇ ਹਮੇਸ਼ਾ ਪੂਜਾ ਕਰਦੇ ਆ ਰਹੇ ਹਨ। ਅਸੀਂ ਇਸ ਨੂੰ ਜਨਮ ਭੂਮੀ ਕਹਿੰਦੇ ਹਾਂ।


Inder Prajapati

Content Editor

Related News