ਯੋਗੀ ਦੇ ਸਮਰਥਨ ''ਚ GST ਡਿਪਟੀ ਕਮਿਸ਼ਨਰ ਨੇ ਦਿੱਤਾ ਅਸਤੀਫ਼ਾ, ਕਿਹਾ- CM ਦਾ ਅਪਮਾਨ ਬਰਦਾਸ਼ਤ ਨਹੀਂ

Tuesday, Jan 27, 2026 - 04:20 PM (IST)

ਯੋਗੀ ਦੇ ਸਮਰਥਨ ''ਚ GST ਡਿਪਟੀ ਕਮਿਸ਼ਨਰ ਨੇ ਦਿੱਤਾ ਅਸਤੀਫ਼ਾ, ਕਿਹਾ- CM ਦਾ ਅਪਮਾਨ ਬਰਦਾਸ਼ਤ ਨਹੀਂ

ਅਯੁੱਧਿਆ/ਲਖਨਊ- ਉੱਤਰ ਪ੍ਰਦੇਸ਼ ਦੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਯੁੱਧਿਆ ਵਿੱਚ ਤਾਇਨਾਤ ਰਾਜ ਕਰ ਵਿਭਾਗ ਦੇ ਜੀ.ਐੱਸ.ਟੀ. ਡਿਪਟੀ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰਸ਼ਾਂਤ ਸਿੰਘ ਨੇ ਇਹ ਕਦਮ ਸ਼ੰਕਰਾਚਾਰੀਆ ਵੱਲੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਰੁੱਧ ਕੀਤੀ ਗਈ ਕਥਿਤ ਟਿੱਪਣੀ ਦੇ ਵਿਰੋਧ ਵਿੱਚ ਅਤੇ ਮੁੱਖ ਮੰਤਰੀ ਦੇ ਸਮਰਥਨ ਵਿੱਚ ਚੁੱਕਿਆ ਹੈ।

ਪ੍ਰਸ਼ਾਂਤ ਕੁਮਾਰ ਸਿੰਘ ਨੇ ਆਪਣਾ ਦੋ ਪੰਨਿਆਂ ਦਾ ਅਸਤੀਫ਼ਾ ਰਾਜਪਾਲ ਨੂੰ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਮਰਥਨ ਵਿੱਚ ਇਹ ਫੈਸਲਾ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਲਿਖਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲੋਕਤੰਤਰਿਕ ਤਰੀਕੇ ਨਾਲ ਚੁਣੇ ਗਏ ਮੁਖੀ ਹਨ ਅਤੇ ਉਨ੍ਹਾਂ ਦਾ ਅਪਮਾਨ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅਧਿਕਾਰੀ ਅਨੁਸਾਰ, ਉਹ ਪਿਛਲੇ ਤਿੰਨ ਦਿਨਾਂ ਤੋਂ ਸ਼ੰਕਰਾਚਾਰੀਆ ਦੀ ਟਿੱਪਣੀ ਕਾਰਨ ਮਾਨਸਿਕ ਤੌਰ 'ਤੇ ਆਹਤ ਸਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਂਤ ਸਿੰਘ ਨੇ ਕਿਹਾ ਕਿ ਜਿਸ ਪ੍ਰਦੇਸ਼ ਤੋਂ ਉਹ ਵੇਤਨ ਲੈਂਦੇ ਹਨ, ਉਨ੍ਹਾਂ ਦਾ ਫਰਜ਼ ਹੈ ਕਿ ਉਹ ਉਸ ਪ੍ਰਦੇਸ਼ ਦੀ ਲੀਡਰਸ਼ਿਪ ਨਾਲ ਖੜ੍ਹੇ ਹੋਣ। ਉਨ੍ਹਾਂ ਕਿਹਾ, "ਮੈਂ ਕੋਈ ਰੋਬੋਟ ਜਾਂ ਯਾਂਤਰਿਕ ਵਿਅਕਤੀ ਨਹੀਂ ਹਾਂ ਕਿ ਚੁੱਪਚਾਪ ਸਰਕਾਰ ਅਤੇ ਮੁੱਖ ਮੰਤਰੀ ਖਿਲਾਫ ਗਲਤ ਗੱਲਾਂ ਸੁਣਦਾ ਰਹਾਂ। ਮੇਰੇ ਅੰਦਰ ਵੀ ਇੱਕ ਦਿਲ ਹੈ ਜੋ ਧੜਕਦਾ ਹੈ,"। ਉਨ੍ਹਾਂ ਦਾਅਵਾ ਕੀਤਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਰਾਜਪੱਤਰਿਤ ਅਧਿਕਾਰੀ ਨੇ ਸਰਕਾਰ ਦੇ ਸਮਰਥਨ ਵਿੱਚ ਅਸਤੀਫ਼ਾ ਦਿੱਤਾ ਹੋਵੇ।

ਸਾਲ 2023 ਤੋਂ ਅਯੁੱਧਿਆ ਵਿੱਚ ਤਾਇਨਾਤ ਪ੍ਰਸ਼ਾਂਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਫੈਸਲਾ ਬਿਨਾਂ ਕਿਸੇ ਦਬਾਅ ਦੇ ਸਵੈ-ਇੱਛਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਅਸਤੀਫ਼ਾ ਸਵੀਕਾਰ ਹੋਣ ਤੋਂ ਬਾਅਦ ਉਹ ਆਪਣੇ ਨਿੱਜੀ ਸਾਧਨਾਂ ਨਾਲ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਪਾਉਣਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਰੇਲੀ ਦੇ ਸਿਟੀ ਮੈਜਿਸਟ੍ਰੇਟ ਅਲੰਕਾਰ ਅਗਨੀਹੋਤਰੀ ਨੇ ਵੀ ਅਸਤੀਫ਼ਾ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ, ਪ੍ਰਸ਼ਾਂਤ ਸਿੰਘ ਦਾ ਅਸਤੀਫ਼ਾ ਸਰਕਾਰ ਦੇ ਪੱਖ ਵਿੱਚ ਹੋਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨੇ ਯੂ.ਸੀ.ਸੀ. (UCC) ਵਰਗੇ ਸਰਕਾਰੀ ਫੈਸਲਿਆਂ ਦਾ ਵੀ ਸਮਰਥਨ ਕਰਦਿਆਂ ਕਿਹਾ ਕਿ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਨਿਯਮ ਉਨ੍ਹਾਂ ਲਈ ਗੀਤਾ ਅਤੇ ਕੁਰਾਨ ਵਾਂਗ ਪਵਿੱਤਰ ਹਨ।


author

Rakesh

Content Editor

Related News