ਜੰਮੂ-ਕਸ਼ਮੀਰ ਅਤੇ ਲੱਦਾਖ ''ਚ ਬਰਫ਼ ਖਿਸਕਣ ਦੀ ਚਿਤਾਵਨੀ ਜਾਰੀ
Wednesday, Dec 09, 2020 - 06:32 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਉੱਚਾਈ ਵਾਲੀਆਂ ਥਾਵਾਂ 'ਤੇ ਅੱਜ ਯਾਨੀ ਕਿ ਬੁੱਧਵਾਰ ਸ਼ਾਮ ਨੂੰ ਬਰਫ਼ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜੰਮੂ-ਕਸ਼ਮੀਰ ਸਰਕਾਰ ਦੇ ਆਫ਼ਤ ਪ੍ਰਬੰਧਨ ਮਹਿਕਮੇ ਦੇ ਡਾਇਰੈਕਟਰ ਆਮਿਰ ਅਲੀ ਨੇ ਦੱਸਿਆ ਕਿ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਬਾਂਦੀਪੋਰਾ ਜ਼ਿਲ੍ਹੇ ਦੇ ਸਰਹੱਦੀ ਕਸਬੇ ਗੁਰੇਜ ਦੇ ਉੱਚਾਈ ਵਾਲੀਆਂ ਥਾਵਾਂ 'ਤੇ ਬਰਫ਼ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਪੁੰਛ, ਕਿਸ਼ਤਵਾੜ, ਗੰਦੇਰਬਲ ਅਤੇ ਕਾਰਗਿਲ ਜ਼ਿਲ੍ਹਿਆਂ ਦੇ ਉੱਚਾਈ ਵਾਲੀਆਂ ਥਾਵਾਂ 'ਤੇ ਮੱਧ ਖ਼ਤਰੇ ਅਤੇ ਰਾਮਬਨ, ਅਨੰਤਨਾਗ, ਕੁਲਗਾਮ, ਬਾਰਾਮੂਲਾ ਅਤੇ ਲੇਹ 'ਚ ਘੱਟ ਖ਼ਤਰੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਲੀ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ ਕਿ ਉਹ ਅਗਲੇ 24 ਘੰਟਿਆਂ ਲਈ ਬਰਫ਼ ਖਿਸਕਣ ਦੇ ਖ਼ਦਸ਼ੇ ਵਾਲੇ ਖੇਤਰਾਂ ਵੱਲ ਨਾ ਜਾਣ।