ਲਾਹੌਲ ਦੇ ਕੋਕਸਰ ’ਚ ਬਰਫ ਦੇ ਤੋਦੇ ਡਿੱਗੇ, ਸ਼ਿਮਲਾ ’ਚ ਗੜੇ, ਊਨਾ ’ਚ ਤੂਫਾਨ ਨੇ ਦਰਖਤ ਜੜ੍ਹੋਂ ਪੁੱਟ ਸੁੱਟੇ

Thursday, Apr 20, 2023 - 12:34 PM (IST)

ਲਾਹੌਲ ਦੇ ਕੋਕਸਰ ’ਚ ਬਰਫ ਦੇ ਤੋਦੇ ਡਿੱਗੇ, ਸ਼ਿਮਲਾ ’ਚ ਗੜੇ, ਊਨਾ ’ਚ ਤੂਫਾਨ ਨੇ ਦਰਖਤ ਜੜ੍ਹੋਂ ਪੁੱਟ ਸੁੱਟੇ

ਕੇਲਾਂਗ/ਸ਼ਿਮਲਾ, (ਬਿਊਰੋ/ਸੰਤੋਸ਼)- ਹਿਮਾਚਲ ਪ੍ਰਦੇਸ਼ ’ਚ ਸੈਰ-ਸਪਾਟੇ ਵਾਲੀਆਂ ਥਾਂਵਾਂ ਮਨਾਲੀ ਅਤੇ ਲਾਹੌਲ ’ਚ ਬੁੱਧਵਾਰ ਬਰਫਬਾਰੀ ਹੋਈ। ਮੈਦਾਨੀ ਇਲਾਕਿਆਂ ਤੋਂ ਮਨਾਲੀ ਪਹੁੰਚਣ ਵਾਲੇ ਸੈਲਾਨੀਆਂ ਨੂੰ ਦਸੰਬਰ ਅਤੇ ਜਨਵਰੀ ਵਰਗੀ ਠੰਡ ਦਾ ਸਾਹਮਣਾ ਕਰਨਾ ਪਿਆ।

ਮਨਾਲੀ ਨੇੜੇ ਸੋਲੰਗਾਨਾਲਾ, ਪਲਚਨ, ਨਹਿਰੂ ਕੁੰਡ, ਕੋਠੀ, ਮਝਾਚ ਅਤੇ ਬੁਰੂਆ ’ਚ ਵੀ ਬਰਫ਼ ਪਈ। ਸ਼ਿਮਲਾ ਵਿੱਚ ਗੜੇਮਾਰੀ ਹੋਈ । ਊਨਾ ਵਿੱਚ ਤੂਫਾਨ ਕਾਰਨ ਦਰੱਖਤ ਜੜ੍ਹੋਂ ਉਖੜ ਗਏ। ਪਠਾਨਕੋਟ-ਭਰਮੌਰ ਨੈਸ਼ਨਲ ਹਾਈਵੇ ’ਤੇ ਢਿੱਗਾਂ ਡਿੱਗ ਪਈਆਂ ਪਰ ਦੋ ਘੰਟੇ ਬਾਅਦ ਸੜਕੀ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ।

ਲਾਹੌਲ ਦੇ ਕੋਕਸਰ ਪਿੰਡ ਦੇ ਸਾਹਮਣੇ ਪਹਾੜੀਆਂ ’ਤੇ ਬਰਫ ਦੇ ਤੋਦੇ ਡਿੱਗੇ। ਬਰਫਬਾਰੀ ਕਾਰਨ ਅਟਲ ਸੁਰੰਗ ਸੈਲਾਨੀਆਂ ਲਈ ਬੰਦ ਰਹੀ। ਹਲਕੀ ਬਰਫ਼ਬਾਰੀ ਦੌਰਾਨ ਮਨਾਲੀ-ਕੇਲੌਂਗ ਦਰਮਿਆਨ ਸਿਰਫ਼ ਸਥਾਨਕ ਚਾਰ ਪਹੀਆ ਵਾਹਨ ਹੀ ਚੱਲੇ। ਮਨਾਲੀ ਦੇ ਡੀ.ਐੱਸ.ਪੀ. ਕੇ.ਡੀ. ਸ਼ਰਮਾ ਨੇ ਦੱਸਿਆ ਕਿ ਸੈਲਾਨੀਆਂ ਨੂੰ ਅਟਲ ਸੁਰੰਗ ਦੇ ਪਾਰ ਜਾਣ ਦੀ ਇਜਾਜ਼ਤ ਨਹੀਂ ਹੈ। ਵੀਰਵਾਰ ਵੀ ਸੁਰੰਗ ਵੱਲ ਸੈਲਾਨੀਆਂ ਦੀ ਆਵਾਜਾਈ ਮੌਸਮ ’ਤੇ ਨਿਰਭਰ ਕਰੇਗੀ।


author

Rakesh

Content Editor

Related News