ਮਦਦ ਦਾ ਜਜ਼ਬਾ! ਵਿਆਹ ਲਈ ਜੋੜੇ ਪੈਸਿਆਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਖੁਆ ਰਿਹੈ ਆਟੋ ਡਰਾਈਵਰ

05/18/2020 1:19:30 PM

ਪੁਣੇ (ਭਾਸ਼ਾ)— ਕਿਸੇ ਦੀ ਮਦਦ ਦਾ ਜਜ਼ਬਾ ਹੋਵੇ ਤਾਂ ਇਨਸਾਨ ਕੀ ਨਹੀਂ ਕਰ ਸਕਦਾ, ਇਸ ਦੀ ਇਕ ਮਿਸਾਲ ਪੇਸ਼ ਕੀਤੀ ਹੈ, ਮਹਾਰਾਸ਼ਟਰ ਦੇ ਪੁਣੇ 'ਚ ਰਹਿਣ ਵਾਲੇ ਇਕ ਆਟੋ ਡਰਾਈਵਰ ਨੇ। ਇਹ ਆਟੋ ਡਰਾਈਵਰ ਆਪਣੇ ਵਿਆਹ ਲਈ ਜਮਾਂ ਪੈਸੇ ਦਾ ਇਸਤੇਮਾਲ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਕਰਾਉਣ ਅਤੇ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ 'ਚ ਖਰਚ ਕਰ ਰਿਹਾ ਹੈ। 30 ਸਾਲਾ ਅਕਸ਼ੈ ਕੋਠਾਵਲੇ ਆਟੋ ਚਲਾਉਂਦਾ ਹੈ। ਉਸ ਨੇ ਆਪਣੇ ਵਿਆਹ ਲਈ 2 ਲੱਖ ਰੁਪਏ ਇਕੱਠੇ ਕੀਤੇ ਸਨ ਪਰ ਲਾਕਡਾਊਨ ਕਾਰਨ ਉਸ ਨੂੰ ਵਿਆਹ ਮੁਲਤਵੀ ਕਰਨਾ ਪਿਆ। ਹੁਣ ਉਹ ਆਪਣੇ ਪੈਸਿਆਂ ਦੇ ਇਸਤੇਮਾਲ ਨਾਲ ਲੋਕਾਂ ਦੀ ਮਦਦ ਵਿਚ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਬਜ਼ੁਰਗ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਮੁਫ਼ਤ ਮੈਡੀਕਲ ਸਹੂਲਤ ਪਹੁੰਚਾਉਂਦਾ ਹੈ।

ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਅਕਸ਼ੈ ਨੇ ਕਿਹਾ ਕਿ 25 ਮਈ ਨੂੰ ਮੇਰਾ ਵਿਆਹ ਹੋਣਾ ਸੀ ਅਤੇ ਇਸ ਲਈ ਮੈਂ 2 ਲੱਖ ਰੁਪਏ ਬਚਾਏ ਸਨ ਪਰ ਲਾਕਡਾਊਨ ਕਾਰਨ ਮੈਂ ਅਤੇ ਮੇਰੀ ਮੰਗੇਤਰ ਨੇ ਵਿਆਹ ਮੁਲਤਵੀ ਕਰਨ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਮੈਂ ਸੜਕਾਂ 'ਤੇ ਅਜਿਹੇ ਲੋਕ ਦੇਖੇ ਹਨ, ਜਿਨ੍ਹਾਂ ਨੂੰ ਇਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਅਤੇ ਕਿਸੇ ਤਰ੍ਹਾਂ ਜਿਊਂਦੇ ਰਹਿਣ ਲਈ ਸੰਘਰਸ਼ ਕਰ ਰਹੇ ਸਨ। ਇਸ ਤੋਂ ਬਾਅਦ ਮੈਂ ਅਤੇ ਮੇਰੇ ਕੁਝ ਦੋਸਤਾਂ ਨੇ ਇਨ੍ਹਾਂ ਲੋਕਾਂ ਦੀ ਮਦਦ ਲਈ ਕੁਝ ਕਰਨ ਦੀ ਠਾਣੀ।

ਠਾਣੇ ਦੇ ਟਿੰਬਰ ਬਜ਼ਾਰ ਇਲਾਕੇ 'ਚ ਰਹਿਣ ਵਾਲੇ ਅਕਸ਼ੈ ਨੇ ਕਿਹਾ ਕਿ ਮੈਂ ਵਿਆਹ ਲਈ ਬਚਾ ਕੇ ਰੱਖੀ ਰਕਮ ਦਾ ਇਸਤੇਮਾਲ ਕਰਨ ਦਾ ਪੱਕਾ ਇਰਾਦਾ ਕੀਤਾ ਅਤੇ ਕੁਝ ਦੋਸਤਾਂ ਨੇ ਵੀ ਇਸ ਵਿਚ ਮਦਦ ਕੀਤੀ। ਇਨ੍ਹਾਂ ਪੈਸਿਆਂ ਤੋਂ ਉਨ੍ਹਾਂ ਨੇ ਸਬਜ਼ੀ-ਰੋਟੀ ਬਣਾਉਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਇਸ ਭੋਜਨ ਨੂੰ ਉਨ੍ਹਾਂ ਨੇ ਅਜਿਹੀਆਂ ਥਾਵਾਂ 'ਤੇ ਵੰਡਣਾ ਸ਼ੁਰੂ ਕੀਤਾ, ਜਿੱਥੇ ਪ੍ਰਵਾਸੀ ਮਜ਼ਦੂਰ ਅਤੇ ਭੁੱਖੇ ਇਕੱਠੇ ਹੁੰਦੇ ਹਨ। ਇਹ ਸਾਰਾ ਭੋਜਨ ਉਹ ਆਪਣੇ ਆਟੋ ਤੋਂ ਮਾਲਧੱਕਾ ਚੌਕ, ਸੰਗਮਵਾੜੀ ਅਤੇ ਯੇਰਾਵੜਾ ਵਰਗੀਆਂ ਥਾਵਾਂ 'ਤੇ ਲੈ ਜਾਂਦਾ ਹੈ ਅਤੇ ਭੁੱਖੇ ਲੋਕਾਂ ਨੂੰ ਖੁਆਉਂਦਾ ਹੈ। ਉਸ ਨੇ ਦੱਸਿਆ ਕਿ ਹੁਣ ਉਨ੍ਹਾਂ ਕੋਲ ਹੌਲੀ-ਹੌਲੀ ਪੈਸੇ ਖਤਮ ਹੋ ਰਹੇ ਹਨ, ਤਾਂ ਹੋ ਸਕਦਾ ਹੈ ਕਿ ਉਹ ਹੁਣ ਰੋਟੀ-ਸਬਜ਼ੀ ਦੀ ਥਾਂ ਪੁਲਾਅ, ਮਸਾਲਾ ਚਾਵਲ ਅਤੇ ਸਾਂਭਰ ਚਾਵਲ ਵੰਡਣਾ ਸ਼ੁਰੂ ਕਰੇ।


Tanu

Content Editor

Related News