ਕੀ ਸੱਚ-ਮੁੱਚ ਹੀ ਮਰ ਗਈ ਇਨਸਾਨੀਅਤ! 5 ਰੁਪਏ ਨੂੰ ਲੈ ਕੇ ਆਟੋ ਡਰਾਈਵਰ ਦਾ ਕਤਲ
Wednesday, Feb 26, 2020 - 04:33 PM (IST)

ਮੁੰਬਈ (ਭਾਸ਼ਾ)— ਮੁੰਬਈ ਦੇ ਬੋਰੀਵਲੀ 'ਚ ਸੀ. ਐੱਨ. ਜੀ. ਸਟੇਸ਼ਨ ਦੇ ਕਰਮਚਾਰੀਆਂ ਨੇ 5 ਰੁਪਏ ਨੂੰ ਲੈ ਕੇ ਹੋਏ ਝਗੜੇ 'ਚ 68 ਸਾਲਾ ਇਕ ਆਟੋ ਡਰਾਈਵਰ ਦੀ ਜਾਨ ਲੈ ਲਈ। ਪੁਲਸ ਨੇ ਬੁੱਧਵਾਰ ਭਾਵ ਅੱਜ ਦੱਸਿਆ ਕਿ ਰਾਮਦੁਲਾਰ ਸਰਯੂ ਯਾਦਵ ਨਾਂ ਦਾ ਸ਼ਖਸ ਮੰਗਲਵਾਰ ਸ਼ਾਮ ਨੂੰ ਸੀ. ਐੱਨ. ਜੀ. ਸਟੇਸ਼ਨ 'ਚ ਗੈਸ ਭਰਵਾਉਣ ਗਿਆ ਸੀ ਅਤੇ ਉਸ ਨੇ ਫੋਨ ਕਰ ਕੇ ਆਪਣੇ ਪੁੱਤਰ ਸੰਤੋਸ਼ ਨੂੰ ਵੀ ਮਿਲਣ ਲਈ ਬੁਲਾਇਆ ਸੀ। ਉਨ੍ਹਾਂ ਨੇ ਦੱਸਿਆ ਕਿ 205 ਰੁਪਏ ਦੀ ਗੈਸ ਭਰਾਉਣ ਤੋਂ ਬਾਅਦ ਯਾਦਵ ਨੇ ਕਰਮਚਾਰੀ ਨੂੰ 500 ਰੁਪਏ ਦਾ ਨੋਟ ਦਿੱਤਾ ਅਤੇ ਬਾਕੀ 295 ਰੁਪਏ ਵਾਪਸ ਕਰਨ ਨੂੰ ਕਿਹਾ।
ਕਰਮਚਾਰੀ ਨੇ 5 ਰੁਪਏ ਘੱਟ ਦਿੱਤੇ। ਯਾਦਵ ਨੇ ਜਦੋਂ 5 ਰੁਪਏ ਦੀ ਮੰਗ ਕੀਤੀ ਤਾਂ ਗੈਸ ਸਟੇਸ਼ਨ 'ਤੇ ਤਾਇਨਾਤ ਕਰਮਚਾਰੀ ਸੰਤੋਸ਼ ਜਾਧਵ ਨੇ ਦੋਹਾਂ ਪਿਓ-ਪੁੱਤਰ ਨਾਲ ਬਦਸਲੂਕੀ ਅਤੇ ਫਿਰ ਹੋਰ ਕਰਮਚਾਰੀਆਂ ਨਾਲ ਮਿਲ ਕੇ ਕੁੱਟਮਾਰ ਕੀਤੀ। ਅਧਿਕਾਰੀ ਨੇ ਦੱਸਿਆ ਕਿ ਕੁੱਟਮਾਰ ਕਾਰਨ ਯਾਦਵ ਬੇਹੋਸ਼ ਹੋ ਗਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਕਸਤੂਬਰਾ ਮਾਰਗ ਪੁਲਸ ਸਟੇਸ਼ਨ ਦੇ ਇੰਸਪੈਕਟਰ ਨਾਮਦੇਵ ਸ਼ਿੰਦੇ ਨੇ ਦੱਸਿਆ ਕਿ ਅਸੀਂ ਗੈਸ ਸਟੇਸ਼ਨ ਦੇ 5 ਕਰਮਚਾਰੀਆਂ ਨੂੰ ਆਈ. ਪੀ. ਸੀ. ਦੀ ਧਾਰਾ-302 ਅਤੇ ਹੋਰ ਸਬੰਧਿਤ ਵਿਵਸਥਾਵਾਂ ਤਹਿਤ ਗ੍ਰਿਫਤਾਰ ਕੀਤਾ ਹੈ। ਮੁੰਬਈ 'ਚ ਵਾਪਰੀ ਇਸ ਘਟਨਾ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਸੱਚ-ਮੁੱਚ ਹੀ ਇਨਸਾਨੀਅਤ ਮਰ ਗਈ ਹੈ?