ਦਿੱਲੀ ਦੀ ਮੰਡੋਲੀ ਜੇਲ੍ਹ ''ਚ ਮਹਿਲਾ ਡਾਕਟਰ ਨਾਲ ਰੇਪ ਦੀ ਕੋਸ਼ਿਸ਼, ਜੇਲ੍ਹ ਦੇ DG ਨੂੰ ਨੋਟਿਸ ਜਾਰੀ
Wednesday, Sep 28, 2022 - 05:04 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਥਿਤ ਮੰਡੋਲੀ ਜੇਲ੍ਹ 'ਚ ਇਕ ਵਿਚਾਰ ਅਧੀਨ ਕੈਦੀ ਵਲੋਂ ਇਕ ਮਹਿਲਾ ਡਾਕਟਰ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਨੇ ਜੇਲ੍ਹ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਪੀੜਤਾ ਇਕ ਰੈਜੀਡੈਂਟ ਡਾਕਟਰ ਹੈ ਅਤੇ ਉਸ ਨੇ ਪਹਿਲਾਂ ਵੀ ਦੋਸ਼ੀ ਦਾ ਇਲਾਜ ਕੀਤਾ ਸੀ। ਡਾਕਟਰ ਨੇ ਕਮਿਸ਼ਨ ਨੂੰ ਦੱਸਿਆ ਕਿ 26 ਸਤੰਬਰ ਨੂੰ ਜਦੋਂ ਉਹ ਟਾਇਲਟ ਗਈ ਤਾਂ ਦੋਸ਼ੀ ਉੱਥੇ ਪਹਿਲਾਂ ਤੋਂ ਲੁਕਿਆ ਸੀ।
ਕਮਿਸ਼ਨ ਅਨੁਸਾਰ, ਕੈਦੀ ਨੇ ਔਰਤ ਨਾਲ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦੌੜਨ 'ਚ ਕਾਮਯਾਬ ਹੋ ਗਈ ਅਤੇ ਉਸ ਨੇ ਸੁਰੱਖਿਆ ਕਰਮੀਆਂ ਨੂੰ ਚੌਕਸ ਕਰ ਦਿੱਤਾ। ਕਮਿਸ਼ਨ ਨੇ ਕਿਹਾ ਕਿ ਦੋਸ਼ੀ ਜਬਰ ਜ਼ਿਨਾਹ ਦੇ ਇਕ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਡੀ.ਸੀ.ਡਬਲਿਊ. ਨੇ ਕਿਹਾ,''ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਉਨ੍ਹਾਂ ਜੇਲ੍ਹਾਂ 'ਚ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰਨ ਵਾਲਾ ਮੁੱਦਾ ਹੈ, ਜਿੱਥੇ ਪੁਰਸ਼ ਕੈਦੀਆਂ ਨੂੰ ਰੱਖਿਆ ਗਿਆ ਹੈ।'' ਕਮਿਸ਼ਨ ਨੇ ਕਿਹਾ ਕਿ ਉਸ ਨੇ ਐੱਫ.ਆਈ.ਆਰ. ਦੇ ਵੇਰਵੇ ਦੀ ਮੰਗ ਕਰਦੇ ਹੋਏ ਜੇਲ੍ਹ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਹੈ। ਡੀ.ਸੀ.ਡਬਲਿਊ. ਨੇ ਦਿੱਲੀ ਦੀਆਂ ਜੇਲ੍ਹਾਂ 'ਚ ਮਹਿਲਾ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਡੀ.ਸੀ.ਡਬਲਿਊ. ਨੇ ਦਿੱਲੀ ਦੀਆਂ ਜੇਲ੍ਹਾਂ 'ਚ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਉਠਾਏ ਗਏ ਕਦਮਾਂ ਦੀ ਵੀ ਜਾਣਕਾਰੀ ਮੰਗੀ ਹੈ। ਜੇਲ੍ਹ ਅਧਿਕਾਰੀਆਂ ਨੂੰ 3 ਅਕਤੂਬਰ ਤੱਕ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ