ਬਿਜਲੀ ਦੀ ਕੁੰਡੀ ਫੜ੍ਹਣ ਆਈ ਟੀਮ ''ਤੇ ਪਾ ''ਤਾ ਪੈਟਰੋਲ ਤੇ ਫਿਰ...
Friday, Feb 07, 2025 - 05:44 PM (IST)
![ਬਿਜਲੀ ਦੀ ਕੁੰਡੀ ਫੜ੍ਹਣ ਆਈ ਟੀਮ ''ਤੇ ਪਾ ''ਤਾ ਪੈਟਰੋਲ ਤੇ ਫਿਰ...](https://static.jagbani.com/multimedia/2025_2image_17_44_295717430137.jpg)
ਨੈਸ਼ਨਲ ਡੈਸਕ : ਬਿਜਲੀ ਚੋਰੀ ਰੋਕਣ ਗਈ ਪੁਲਸ ਟੀਮ 'ਤੇ ਹਮਲੇ ਦੀ ਖਬਰ ਸਾਹਮਣੇ ਆਈ ਹੈ। ਇਨ੍ਹਾਂ ਹੀ ਨਹੀਂ ਹਮਲਾਵਰਾਂ ਵਲੋਂ ਪੁਲਸ ਮੁਲਾਜ਼ਮ 'ਤੇ ਪੈਟਰੋਲ ਛਿੜਕ ਕੇ ਜਿੰਦਾ ਜਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਦੱਸੀ ਜਾ ਰਹੀ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਮੁਤਾਬਕ ਨਾਰਨੌਲ 'ਚ ਬਿਜਲੀ ਚੋਰੀ ਰੋਕਣ ਗਈ ਟੀਮ ਦੇ ਨਾਲ ਮੌਜੂਦ ਡਾਇਲ 112 'ਤੇ ਤਾਇਨਾਤ ਇਕ ਮਹਿਲਾ ਪੁਲਸ ਮੁਲਾਜ਼ਮ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਪੁਲਸ ਦੀ ਗੱਡੀ 'ਤੇ ਪੈਟਰੋਲ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਇੱਕ ਔਰਤ ਨੇ ਮਹਿਲਾ ਪੁਲਸ ਅਧਿਕਾਰੀ ਨੂੰ ਵਾਲਾਂ ਤੋਂ ਫੜ੍ਹ ਲਿਆ। ਲੋਕਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਮੁਸ਼ਕਤ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਛੁਡਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਸ਼ਹਿਰ ਦੀ ਭੂਪ ਕਲੋਨੀ ਵਿੱਚ ਬਿਜਲੀ ਚੋਰੀ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਬਿਜਲੀ ਨਿਗਮ ਦੇ ਐੱਸ. ਡੀ. ਓ. ਮੁਹੰਮਦ ਅਜ਼ਹਰੂਦੀਨ ਦੀ ਅਗਵਾਈ ਵਿੱਚ ਟੀਮ ਗਈ ਸੀ।
ਟੀਮ ਰਤਨ ਨਾਮ ਦੇ ਵਿਅਕਤੀ ਦੇ ਘਰ ਪੁੱਜੀ ਪਰ ਬਿਜਲੀ ਨਿਗਮ ਦੀ ਟੀਮ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਜਿਸ ਤੋਂ ਬਾਅਦ ਟੀਮ ਨੇ ਡਾਇਲ 112 'ਤੇ ਕਾਲ ਕੀਤੀ। ਡਾਇਲ 112 ਦੀ (ਪੁਲਸ) ਟੀਮ ਵੀ ਮੌਕੇ 'ਤੇ ਪਹੁੰਚ ਗਈ। ਟੀਮ ਨੇ ਪੁਲਸ ਨੂੰ ਦੱਸਿਆ ਕਿ ਉਹ ਬਿਜਲੀ ਚੋਰੀ ਦੀ ਸ਼ਿਕਾਇਤ ਮਿਲਣ ਮਗਰੋਂ ਇੱਥੇ ਆਏ ਹਨ। ਪਰ ਗੇਟ 'ਤੇ ਖੜ੍ਹੀਆਂ ਔਰਤਾਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦੇ ਰਹੀਆਂ। ਇਸ ’ਤੇ ਏ. ਐੱਸ. ਆਈ. ਬਿਮਲਾ ਨੇ ਔਰਤਾਂ ਨੂੰ ਪੁੱਛਿਆ ਕਿ ਉਹ ਉਸ ਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਹੀ ਤਾਂ ਔਰਤਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਦਖਲ ਦਿੱਤਾ ਤਾਂ ਇਕ ਨੌਜਵਾਨ ਅੰਦਰੋਂ ਬੋਤਲ 'ਚ ਪੈਟਰੋਲ ਲੈ ਕੇ ਆਇਆ, ਜਿਸ ਤੋਂ ਬਾਅਦ ਉਸ ਨੇ ਮਹਿਲਾ ਪੁਲਸ ਮੁਲਾਜ਼ਮਾਂ ਅਤੇ ਕਾਰ 'ਤੇ ਪੈਟਰੋਲ ਪਾਉਣ ਦੀ ਕੋਸ਼ਿਸ਼ ਕੀਤੀ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਪੁਲਸ ਟੀਮ 'ਤੇ ਨਾ ਸਿਰਫ ਤੇਲ ਦਾ ਛਿੜਕਾਓ ਕੀਤਾ ਗਿਆ ਬਲਕਿ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ।