ਆਤਿਸ਼ੀ ਹੋਵੇਗੀ ਤੀਜੀ ਮਹਿਲਾ CM, ਸੁਸ਼ਮਾ ਸਵਰਾਜ ਤੇ ਸ਼ੀਲਾ ਦੀਕਸ਼ਤ ਸੰਭਾਲ ਚੁੱਕੀ ਹੈ ਦਿੱਲੀ ਦੀ ਕਮਾਨ

Tuesday, Sep 17, 2024 - 12:34 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਦਲ ਦੀ ਬੈਠਕ 'ਚ ਆਤਿਸ਼ੀ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਚੁਣਿਆ ਗਿਆ ਹੈ। ਉਹ ਦਿੱਲੀ ਦੀ ਤੀਜੀ ਮੁੱਖ ਮੰਤਰੀ ਹੋਵੇਗੀ, ਉਨ੍ਹਾਂ ਤੋਂ ਪਹਿਲਾਂ ਭਾਜਪਾ ਵਲੋਂ ਸੁਸ਼ਮਾ ਸਵਰਾਜ ਅਤੇ ਕਾਂਗਰਸ ਵਲੋਂ ਸ਼ੀਲਾ ਦੀਕਸ਼ਤ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਦਿੱਲੀ ਦੀ ਕਾਲਕਾਜੀ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੀ ਆਤਿਸ਼ੀ ਕੇਜਰੀਵਾਲ ਸਰਕਾਰ 'ਚ ਸਭ ਤੋਂ ਵੱਧ ਵਿਭਾਗ ਸੰਭਾਲ ਰਹੀ ਹੈ। ਉਨ੍ਹਾਂ ਨੂੰ ਕੇਜਰੀਵਾਲ ਦੇ ਸਭ ਤੋਂ ਕਰੀਬੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਕੇਜਰੀਵਾਲ ਨੇ ਜਦੋਂ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਸੀ, ਅਜਿਹੇ ਕਿਆਸ ਲਗਾਏ ਜਾ ਰਹੇ ਸਨ ਕਿ ਆਤਿਸ਼ੀ ਨੂੰ ਹੀ ਦਿੱਲੀ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : BREAKING : ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ

ਸੁਸ਼ਮਾ ਸਿਰਫ਼ 52 ਦਿਨ ਹੀ ਰਹੀ ਮੁੱਖ ਮੰਤਰੀ

ਆਤਿਸ਼ੀ ਤੋਂ ਪਹਿਲੇ ਜੋ 2 ਮਹਿਲਾ ਮੁੱਖ ਮੰਤਰੀ ਬਣੀਆਂ ਸਨ, ਉਨ੍ਹਾਂ 'ਚ ਭਾਜਪਾ ਵਲੋਂ ਸੁਸ਼ਮਾ ਸਵਰਾਜ ਅਤੇ ਕਾਂਗਰਸ ਵਲੋਂ ਸ਼ੀਲਾ ਦੀਕਸ਼ਤ ਦਾ ਨਾਂ ਸ਼ਾਮਲ ਹੈ। ਸੁਸ਼ਮਾ ਸਵਰਾਜ ਵਜੋਂ ਦਿੱਲੀ ਨੂੰ ਪਹਿਲੀ ਵਾਰ 1998 'ਚ ਮਹਿਲਾ ਮੁੱਖ ਮੰਤਰੀ ਮਿਲੀ। ਪਿਆਜ਼ ਦੀਆਂ ਕੀਮਤਾਂ ਵਾਧੇ ਕਾਰਨ ਤਤਕਾਲੀ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਨੂੰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਸਤੀਫਾ ਦੇਣਾ ਪਿਆ ਸੀ ਅਤੇ ਉਸ ਤੋਂ ਬਾਅਦ ਸੁਸ਼ਮਾ ਸਵਰਾਜ ਨੂੰ ਮੁੱਖ ਮੰਤਰੀ ਬਣਾਇਆ ਗਿਆ। ਸੁਸ਼ਮਾ ਸਿਰਫ਼ 52 ਦਿਨ ਹੀ ਮੁੱਖ ਮੰਤਰੀ ਰਹਿ ਸਕੀ ਅਤੇ ਚੋਣ ਨਤੀਜੇ ਆਏ ਤਾਂ ਭਾਜਪਾ ਬੁਰੀ ਤਰ੍ਹਾਂ ਹਾਰ ਗਈ। 

ਇਹ ਵੀ ਪੜ੍ਹੋ : ਅੱਜ ਅਸਤੀਫ਼ਾ ਦੇ ਸਕਦੇ ਹਨ ਅਰਵਿੰਦ ਕੇਜਰੀਵਾਲ

15 ਸਾਲ ਤੱਕ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਤ

ਜਦੋਂ 1998 'ਚ ਕਾਂਗਰਸ ਚੋਣ ਜਿੱਤ ਗਈ ਤਾਂ ਉਸ ਨੇ ਸ਼ੀਲਾ ਦੀਕਸ਼ਤ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ। ਉਸ ਤੋਂ ਬਾਅਦ 2003 'ਚ ਜਦੋਂ ਚੋਣਾਂ ਹੋਈਆਂ ਤਾਂ ਕਾਂਗਰਸ ਨੂੰ ਇਕ ਵਾਰ ਫਿਰ ਪੂਰਾ ਬਹੁਮਤ ਮਿਲਿਆ। ਇਸ ਵਾਰ ਕਾਂਗਰਸ ਨੂੰ 47 ਜਦੋਂ ਕਿ ਭਾਜਪਾ ਨੂੰ 20 ਸੀਟਾਂ ਮਿਲੀਆਂ। ਇਸ ਤੋਂ ਬਾਅਦ 2008 'ਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਕਾਂਗਰਸ ਨੂੰ 43 ਅਤੇ ਭਾਜਪਾ ਨੂੰ 23 ਸੀਟਾਂ ਮਿਲੀਆਂ। ਸ਼ੀਲਾ ਦੀਕਸ਼ਤ ਲਗਾਤਾਰ 15 ਸਾਲ ਤੱਕ ਮੁੱਖ ਮੰਤਰੀ ਰਹੀ। ਹਾਲਾਂਕਿ 2013 'ਚ ਜਦੋਂ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਚੋਣ ਲੜੀ ਤਾਂ ਉਨ੍ਹਾਂ ਨੂੰ 28, ਕਾਂਗਰਸ ਨੂੰ 8 ਅਤੇ ਭਾਜਪਾ ਨੂੰ 34 ਸੀਟਾਂ ਮਿਲੀਆਂ ਸਨ। ਇਸ ਵਿਧਾਨ ਸਭਾ 'ਚ ਕਾਂਗਰਸ ਨੇ 'ਆਪ' ਨੂੰ ਬਾਹਰੋਂ ਸਮਰਥਨ ਦੇ ਕੇ ਸਰਕਾਰ ਬਣਾੀ ਸੀ ਅਤੇ ਕੇਜਰੀਵਾਲ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਜਦੋਂ 2015 'ਚ ਚੋਣਾਂ ਹੋਈਆਂ ਤਾਂ ਆਮ ਆਦਮੀ ਪਾਰਟੀ ਨੇ ਕਲੀਨ ਸਵੀਪ ਕਰਦੇ ਹੋਏ 70 'ਚੋਂ 67 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਅਤੇ 2020 'ਚ ਹੋਈਆਂ ਚੋਣਾਂ 'ਚ 62 ਸੀਟਾਂ ਜਿੱਤ ਕੇ ਤੀਜੀ ਵਾਰ 'ਆਪ' ਨੇ ਸਰਕਾਰ ਬਣਾਈ ਸੀ। ਪਿਛਲੀਆਂ 2 ਚੋਣਾਂ 'ਚ ਕਾਂਗਰਸ ਨੂੰ ਦਿੱਲੀ 'ਚ ਇਕ ਵੀ ਸੀਟ 'ਤੇ ਜਿੱਤ ਨਹੀਂ ਮਿਲੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News